ਪਾਕਿਸਤਾਨ ਬਾਅਦ ਹੁਣ ਬੰਗਲਾਦੇਸ਼ ਦੇ ਮੰਦਿਰਾਂ ‘ਚ ਹਮਲਾ

by vikramsehajpal

ਢਾਕਾ (ਦੇਵ ਇੰਦਰਜੀਤ) : ਬੰਗਲਾਦੇਸ਼ ਦੇ ਖੁੱਲ੍ਹਣਾ ਜ਼ਿਲ੍ਹੇ ਵਿਚ ਕੱਟੜਪੰਥੀਆਂ ਦੀ ਭੀੜ ਨੇ 50 ਤੋਂ ਵੱਧ ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਭੀੜ ਨੇ ਘੱਟੋ-ਘੱਟ ਛੇ ਮੰਦਰਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਅਤੇ ਭੰਨ-ਤੋੜ ਕੀਤੀ। ਕੱਟੜਪੰਥੀਆਂ ਨੇ ਮੰਦਰਾਂ ਵਿਚ ਭੰਨ-ਤੋੜ ਕੀਤੀ ਅਤੇ ਮੰਦਰਾਂ ਵਿਚ ਸਥਾਪਿਤ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ।

ਸਿਆਲੀ, ਮਲਿਕਾਪੁਰਾ ਅਤੇ ਗੋਵਰਾ ਪਿੰਡ ਵਿਚ ਅਚਾਨਕ ਸੈਂਕੜੇ ਦੀ ਗਿਣਤੀ ਵਿਚ ਕੱਟੜਪੰਥੀ ਇਕਜੁੱਟ ਹੋਏ ਅਤੇ ਇਲਾਕੇ ਦੇ ਸਾਰੇ 6 ਮੰਦਰਾਂ ਵਿਚ ਤਬਾਹੀ ਮਚਾ ਦਿੱਤੀ।ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਖ਼ਿਲਾਫ਼ ਹਮਲੇ ਹਾਲ ਦੇ ਸਾਲਾਂ ਵਿਚ ਵਧੇ ਹਨ। ਇਸ ਦਾ ਇਕ ਕਾਰਨ ਹਿਫਾਜਤ-ਏ-ਇਸਲਾਮ ਜਿਹੇ ਸੰਗਠਨਾਂ ਦਾ ਦੇਸ਼ ਵਿਚ ਤੇਜ਼ੀ ਨਾਲ ਲੋਕਪ੍ਰਿਅ ਹੋਣਾ ਹੈ। ਮਾਰਚ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣੀ ਢਾਕਾ ਯਾਤਰਾ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਬੰਗਾਲੀ ਭਾਸ਼ਾ ਦੇ ਅਖ਼ਬਾਰ ਸਮਕਲ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਸਿਆਲੀ ਪਿੰਡ ਵਿਚ ਸਥਾਨਕ ਮਸਜਿਦ ਦੇ ਇਕ ਮੌਲਵੀ ਨੇ ਇਕ ਹਿੰਦੂ ਧਾਰਮਿਕ ਜਲੂਸ ਦਾ ਵਿਰੋਧ ਕੀਤਾ। ਇਸ ਮਗਰੋਂ ਕੱਟੜਪੰਥੀਆਂ ਦੀ ਇਕ ਭੀੜ ਬੇਕਾਬੂ ਹੋ ਗਈ ਅਤੇ ਸ਼ਨੀਵਾਰ ਸ਼ਾਮ ਨੂੰ ਪਿੰਡ ਦੇ ਹਿੰਦੂ ਘਰਾਂ 'ਤੇ ਹਮਲਾ ਬੋਲ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਗੁੱਸੇ ਵਿਚ ਆਈ ਭੀੜ ਵਿਚ ਕਥਿਤ ਤੌਰ 'ਤੇ ਨੇੜਲੇ ਪਿੰਡਾਂ ਦੇ ਮੁਸਲਮਾਨ ਸ਼ਾਮਲ ਸਨ।

ਹਮਲਾਵਰਾਂ ਨੇ ਹਮਲੇ ਦੌਰਾਨ ਕੁਹਾੜੀ ਅਤੇ ਦੂਜੇ ਹਥਿਆਰਾਂ ਦੀ ਵਰਤੋਂ ਕੀਤੀ।ਹਿੰਦੂਆਂ ਦੇ ਘਰਾਂ ਵਿਚ ਭੰਨ-ਤੋੜ ਕੀਤੀ ਗਈ। ਕਈ ਘਰਾਂ ਵਿਚ ਕੱਟੜਪੰਥੀਆਂ ਨੇ ਅੱਗਜ਼ਨੀ ਕੀਤੀ। ਉੱਥੇ ਕਈ ਦੁਕਾਨਾਂ ਵਿਚ ਲੁੱਟ-ਖੋਹ ਕੀਤੀ। ਕੱਟੜਪੰਥੀ ਕਈ ਘਰੇਲੂ ਪਸ਼ੂਆਂ ਨੂੰ ਵੀ ਲੁੱਟ ਕੇ ਲੈ ਗਏ। ਉੱਥੇ ਵਿਰੋਧ ਕਰਨ ਵਾਲੇ ਘੱਟ ਗਿਣਤੀਆਂ ਪਰਿਵਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।

ਵਿਰੋਧ ਕਰਨ ਵਾਲੇ ਕਈ ਹਿੰਦੂ ਜ਼ਖਮੀ ਹੋ ਗਏ। ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਕਈ ਹਿੰਦੂ ਮੰਦਰਾਂ, ਘਰਾਂ ਅਤੇ ਦੁਕਾਨਾਂ ਵਿਚ ਭੰਨ-ਤੋੜ ਦੇ ਸੰਬੰਧ ਵਿਚ ਦਰਜ ਮਾਮਲੇ ਵਿਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਥਾਨਕ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਖੇਤਰ ਵਿਚ ਪਹਿਲੀ ਵਾਰ ਕਿਸੇ ਫਿਰਕੂ ਹਿੰਸਾ ਦੀ ਖ਼ਬਰ ਮਿਲੀ ਹੈ। ਪੁਲਸ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 5:45 ਵਜੇ ਕਰੀਬ 100 ਹਮਲਾਵਰ ਪਿੰਡ ਪਹੁੰਚੇ। ਉਹਨਾਂ ਨੇ ਹਥਿਆਰਾਂ ਨਾਲ ਭੰਨ-ਤੋੜ ਕੀਤੀ ਅਤੇ ਛੇ ਮੰਦਰਾਂ ਨੂੰ ਨਸ਼ਟ ਕਰ ਦਿੱਤਾ। ਪਿੰਡ ਦੇ ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਅਤੇ ਮਕਾਨਾਂ ਵਿਚ ਵੀ ਭੰਨ-ਤੋੜ ਕੀਤੀ।

ਕੁੱਟਮਾਰ ਵਿਚ 30 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਹਨਾਂ ਦਾ ਇਲਾਜ ਸਦਰ ਹਸਪਤਾਲ ਵਿਚ ਚੱਲ ਰਿਹਾ ਹੈ। ਬੰਗਲਾਦੇਸ਼ ਦੇ ਕਈ ਨਿਊਜ਼ ਵੈਬਸਾਈਟਾਂ ਨੇ ਵੀ ਘਟਨਾ ਨੂੰ ਤਰਜੀਹ ਨਾਲ ਲਿਖਿਆ ਹੈ। ਇਹ ਵਾਰਦਾਤ 7 ਅਗਸਤ ਦੀ ਸ਼ਾਮ ਕਰੀਬ 5 ਵਜੇ ਦੀ ਹੈ। ਬੰਗਲਾਦੇਸ਼ ਦੀ ਵੈਬਸਾਈਟ ਸਮਕਾਲ ਦੀ ਰਿਪੋਰਟ ਮੁਤਾਬਕ ਇਹ ਹਮਲਾ 7 ਅਗਸਤ ਦੀ ਸ਼ਾਮ 5:45 ਵਜੇ ਕੀਤਾ ਗਿਆ।