ਬਿਟਕੁਆਇਨ ਨਾਲ ਟੈੱਸਲਾ ਕਾਰ ਖਰੀਦ ਸਕਦੇ ਹਨ ਅਮਰੀਕੀ : ਐਲਨ ਮਸਕ

by vikramsehajpal

ਸਾਨ ਫ੍ਰਾਂਸਿਸਕੋ (ਦੇਵ ਇੰਦਰਜੀਤ)- ਟੈੱਸਲਾ ਦੇ ਸੀ.ਈ.ਓ. ਐਲਨ ਮਸਕ ਨੇ ਕਿਹਾ ਕਿ ਅਮਰੀਕਾ ’ਚ ਲੋਕ ਹੁਣ ਇਕ ਬਿਟਕੁਆਇਨ ਨਾਲ ਟੈੱਸਲਾ ਕਾਰ ਖਰੀਦ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮਸ਼ਹੂਰ ਕ੍ਰਿਪਟੋਕਰੰਸੀ ਨਾਲ ਭੁਗਤਾਨ ਕਰਨ ਦਾ ਬਦਲ ਇਸ ਸਾਲ ਦੇ ਅਖੀਰ ’ਚ ਹੋਰ ਦੇਸ਼ਾਂ ਲਈ ਵੀ ਉਪਲਬਧ ਹੋਵੇਗਾ। ਮਸਕ ਨੇ ਉਕਤ ਜਾਣਕਾਰੀ ਇਕ ਟਵੀਟ ’ਚ ਦਿੱਤੀ।

ਇਲੈਕਟ੍ਰਿਕ ਕਾਰ ਬਣਾਉਣ ਵਾਲੀ ਮਸ਼ਹੂਰ ਕੰਪਨੀ ਟੈੱਸਲਾ ਨੇ ਇਕ ਮਹੀਨਾ ਪਹਿਲਾਂ ਬਿਟਕੁਆਇਨ ਨੂੰ ਭੁਗਤਾਨ ਦੇ ਰੂਪ ’ਚ ਸਵੀਕਾਰ ਕਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਟੈੱਸਲਾ ਨੇ ਪਹਿਲਾਂ ਹੀ ਬਿਟਕੁਆਇਨ ’ਚ 1.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਮੌਜੂਦਾ ਸਮੇਂ ’ਚ ਇਕ ਬਿਟਕੁਆਇਨ ਦਾ ਮੁੱਲ 56,000 ਡਾਲਰ ਤੋਂ ਵੀ ਵੱਧ ਹੈ, ਜਿਸ ਦਾ ਮਤਲਬ ਹੈ ਕਿ ਲੋਕਾਂ ਨੂੰ ਐਂਟਰੀ-ਲੈਵਲ (ਬੇਸ ਮਾਡਲ) ਟੈੱਸਲਾ ਖਰੀਦਣ ਲਈ ਇਕ ਕੁਆਇਨ ਤੋਂ ਵੀ ਕੁਝ ਘੱਟ ਭੁਗਤਾਨ ਕਰਨ ਹੋਵੇਗਾ।

ਇਹਨਾਂ ਕੰਪਨੀਆਂ ਨੇ ਵੀ ਦਿੱਤੀ ਬਿਟਕੁਆਇਨ ਨੂੰ ਮਨਜ਼ੂਰੀ

ਪਿਛਲੇ ਦਿਨੀਂ ਅਮਰੀਕੀ ਕੰਪਨੀ ਟੈੱਸਲਾ ਨੇ ਬਿਟਕੁਆਇਨ ’ਚ ਨਿਵੇਸ਼ ਕੀਤਾ ਤਾਂ ਇਸ ਦੀ ਉਡਾਣ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਟੈੱਸਲਾ ਸਮੇਤ ਕਈ ਕੰਪਨੀਆਂ ਨੇ ਬਿਟਕੁਆਇਨ ਨੂੰ ਡਿਜੀਟਲ ਕਰੰਸੀ ਦੇ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ। ਟੈੱਸਲਾ ਤੋਂ ਇਲਾਵਾ ਦਿੱਗਜ਼ ਇੰਸ਼ੋਰੈਂਸ ਕੰਪਨੀ ਮਾਸ-ਮਿਊਚਲ, ਅਸੈਟ ਮੈਨੇਜਰ ਗਲੈਕਸੀ ਡਿਜੀਟਲ ਹੋਲਡਿੰਗ, ਟਵਿਟਰ ਦੇ ਸੀ. ਈ. ਓ. ਜੈੱਕ ਡੋਰਸੀ ਦੀ ਪੇਮੈਂਟ ਕੰਪਨੀ ਸਕਵਾਇਰ ਨੇ ਵੀ ਬਿਟਕੁਆਇਨ ’ਚ ਵੱਡਾ ਨਿਵੇਸ਼ ਕੀਤਾ ਹੈ।