ਚੰਨ ਦੇ ਨੇੜੇ ਪੁੱਜਾ Chandrayaan-2 – ISRO

by

ਬੈਂਗਲੁਰੂ (ਵਿਕਰਮ ਸਹਿਜਪਾਲ) : ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਲਾਂਚ ਹੋਇਆ ਚੰਦਰਯਾਨ-2 ਹੁਣ ਆਪਣੇ ਅਗਲੇ ਕਦਮ ਵੱਲ ਵੱਧ ਗਿਆ ਹੈ। ਪੁਲਾੜ 'ਤੇ ਲੱਗੇ ਪ੍ਰਣੋਦਨ ਪ੍ਰਣਾਲੀ ਰਾਹੀਂ ਵੀਰਵਾਰ-ਸ਼ੁੱਕਰਵਾਰ ਦੀ ਰਾਤ 1.08 ਵਜੇ ਦੂਜੀ ਵਾਰ ਉਪਗ੍ਰਹਿ ਦਾ ਪੰਧ ਬਦਲਦਿਆਂ ਅਤੇ ਉਸ ਨੂੰ ਧਰਤੀ ਦੇ ਅਗਲੇ ਪੰਧ 'ਚ ਪ੍ਰਵੇਸ਼ ਕਰਵਾਇਆ ਗਿਆ। ਇਸ ਤਰ੍ਹਾਂ ਚੰਦਰਯਾਨ-2 ਹੁਣ ਧਰਤੀ ਦੇ ਪੰਧ 'ਚ 251 ਗੁਣਾ 54,823 ਕਿਲੋਮੀਟਰ ਦੀ ਉੱਚਾਈ 'ਤੇ ਪਹੁੰਚ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੂਸਾਰ ਪੰਧ ਬਦਲਣ ਦੀ ਇਹ ਪ੍ਰਕਿਰਿਆ ਲਗਪਗ 15 ਮਿੰਟ ਚੱਲੀ।

ਇਸਰੋ ਦੇ ਮੁਤਾਬਕ ਧਰਤੀ ਦੇ ਪੰਧ 'ਚ ਉਪਗ੍ਰਹਿ 29 ਜੁਲਾਈ ਤੱਕ ਪਰਿਕਰਮਾ ਕਰੇਗਾ। 29 ਜੁਲਾਈ ਨੂੰ ਹੀ ਦਿਨ 'ਚ ਢਾਈ ਤੋਂ ਸਾਢੇ ਤਿੰਨ ਵਜੇ ਵਿਚਕਾਰ ਚੰਦਰਯਾਨ-2 ਦੇ ਪੰਧ ਨੂੰ ਤੀਜੀ ਵਾਰ ਬਦਲਿਆ ਜਾਵੇਗਾ। ਚੰਦਰਯਾਨ-2 ਧਰਤੀ ਦੇ ਪੰਧ ਤੋਂ 14 ਅਗਸਤ ਨੂੰ ਚੰਦਰਮਾ ਦੇ ਪੰਧ ਵੱਲ ਰਵਾਨਾ ਹੋਵੇਗਾ। 20 ਅਗਸਤ ਨੂੰ ਉਪਗ੍ਰਹਿ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕਰੇਗਾ। ਉਸ ਤੋਂ ਬਾਅਦ 31 ਅਗਸਤ ਤਕ ਚੰਦਰਮਾ ਦੇ ਚਾਰੇ ਪਾਸੇ ਚੱਕਰ ਲਗਾਏਗਾ। ਦੱਸਣਯੋਗ ਹੈ ਕਿ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।

‘ਚੰਦਰਯਾਨ–2' ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ, ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਸਨ ਅਤੇ 9.3 ਕਰੋੜ ਡਾਲਰ ਇਸ ਉੱਪ ਗ੍ਰਹਿ ਨੂੰ ਤਿਆਰ ਕਰਨ ’ਤੇ ਲੱਗੇ ਹਨ। ਇਹ ਲਾਗਤ ਹਾਲੀਵੁੱਡ ਦੀ ਫ਼ਿਲਮ ‘ਐਵੇਂਜਰਸ’ ਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ। ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਦੇ ਸਾਬਕਾ ਮੁਖੀ ਕੇ. ਰਾਧਾ ਕ੍ਰਿਸ਼ਨਨ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਭਾਰਤ ਦਾ ਮੂਨ-ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ।