ਭਾਰਤੀ ਹਵਾਈ ਫ਼ੌਜ ਵਲੋਂ ਕੀਤੇ ਗਏ ਬਾਲਾਕੋਟ ਏਅਰ ਸਟ੍ਰਾਈਕ ਦੀ ਵੀਡੀਓ ਹੋਈ ਜਾਰੀ

by

ਨਵੀਂ ਦਿੱਲੀ (Vikram Sehajpal) : ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਅੱਤਵਾਦੀ ਕੈਂਪ ‘ਤੇ ਕੀਤੇ ਏਅਰ ਸਟ੍ਰਾਈਕ ਦਾ ਇੱਕ ਵੀਡੀਓ ਸ਼ੁੱਕਰਵਾਰ ਨੂੰ ਜਾਰੀ ਕੀਤਾ ਹੈ। ਇਸ ਜਾਰੀ ਕੀਤੇ ਵੀਡੀਓ 'ਚ ਹਵਾਈ ਹਮਲੇ ਦੀ ਪੂਰੀ ਪ੍ਰਕਿਰਿਆ ਦਿਖਾਈ ਗਈ ਹੈ। ਹਵਾਈ ਫ਼ੌਜ ਦੀ ਇਸ ਵੀਡੀਓ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿੱਚ ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ਲੋਕਾਂ ਦਾ ਗੁੱਸਾ ਸੀ ਜਿਸ ਤੋਂ ਬਾਅਦ ਏਅਰ ਫ਼ੋਰਸ ਨੇ ਬਾਲਾਕੋਟ 'ਚ ਹਵਾਈ ਹਮਲੇ ਦੀ ਯੋਜਨਾ ਬਣਾਈ ਗਈ।

ਵੀਡੀਓ ਮੁਤਾਬਕ ਏਅਰ ਫ਼ੋਰਸ ਦੇ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਚੱਲ ਰਹੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਨਸ਼ਟ ਕਰ ਦਿੱਤਾ।ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਸੀ ਕਿ ਬਾਲਾਕੋਟ 'ਚ ਹੋਏ ਹਵਾਈ ਹਮਲੇ ਤੋਂ ਅਗਲੇ ਦਿਨ (27 ਫਰਵਰੀ) ਨੂੰ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਏ ਜੈਸ਼-ਏ-ਮੁਹੰਮਦ ਅੱਤਵਾਦੀਆਂ ਨੇ 14 ਫਰਵਰੀ ਨੂੰ ਪੁਲਵਾਮਾ ਵਿੱਚ ਅੱਤਵਾਦੀ ਹਮਲਾ ਕੀਤਾ ਸੀ, ਜਿਸ ਵਿੱਚ ਸੀਆਰਪੀਐਫ ਦੇ 45 ਜਵਾਨ ਸ਼ਹੀਦ ਹੋਏ ਸਨ।

ਇਸ ਤੋਂ ਬਾਅਦ ਏਅਰ ਫ਼ੋਰਸ ਨੇ ਪਾਕਿਸਤਾਨ ਦੇ ਬਾਲਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ।ਇਸ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਸੀ ਕਿ ਕੋਈ ਅੱਤਵਾਦੀ ਨਹੀਂ ਮਾਰਿਆ ਗਿਆ। ਸਿਰਫ਼ ਕੁਝ ਦਰਖ਼ਤ ਤਬਾਹ ਹੋਏ ਸਨ ਅਤੇ ਪੰਛੀ ਮਾਰੇ ਗਏ ਸੀ। ਹੁਣ ਭਾਰਤੀ ਫ਼ੌਜ ਨੇ ਏਅਰ ਸਟ੍ਰਾਈਕ ਦਾ ਸਬੂਤ ਦੁਨੀਆ ਅੱਗੇ ਰੱਖ ਦਿੱਤਾ ਹੈ। ਜਦਕਿ ਭਾਰਤੀ ਹਵਾਈ ਫ਼ੌਜ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਬਾਲਾਕੋਟ ਵਿੱਚ ਉਨ੍ਹਾਂ ਦਾ ਮਿਸ਼ਨ ਸਫ਼ਲ ਰਿਹਾ ਹੈ ਅਤੇ 80 ਪ੍ਰਤੀਸ਼ਤ ਤੋਂ ਵੱਧ ਟੀਚੇ ਬਿਲਕੁਲ ਸਹੀ ਹਨ।