11 ਸਾਲਾਂ ਬਾਅਦ ਬ੍ਰਿਟਿਸ਼ ਏਅਰਵੇਜ਼ ਨੇ ਮੁੜ ਪਾਕਿਸਤਾਨ ਲਈ ਸ਼ੁਰੂ ਕੀਤੀ ਸੇਵਾ

by mediateam

ਲੰਡਨ (ਵਿਕਰਮ ਸਹਿਜਪਾਲ) : ਐਤਵਾਰ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਪਾਕਿਸਤਾਨ ਲਈ ਇਕ ਵਾਰ ਫਿਰ ਤੋਂ ਆਪਣੀ ਜਹਾਜ਼ ਸੇਵਾ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਵਿਚਕਾਰ ਇਹ ਜਹਾਜ਼ ਸੇਵਾ ਫਿਲਹਾਲ ਹਫ਼ਤੇ ਵਿਚ ਸਿਰਫ਼ ਤਿੰਨ ਵਾਰ ਹੀ ਉਪਲੱਬਧ ਰਹੇਗੀ। 

ਦਰਅਸਲ, ਸਾਲ 2008 ਵਿਚ ਰਾਜਧਾਨੀ ਇਸਲਾਮਾਬਾਦ ਦੇ ਮੇਰੀਅਟ ਹੋਟਲ ਵਿਚ ਹੋਏ ਬੰਬ ਧਮਾਕੇ ਵਿਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਪਿੱਛੋਂ ਬ੍ਰਿਟਿਸ਼ ਏਅਰਵੇਜ਼ ਨੇ ਆਪਣੀਆਂ ਪਾਕਿਸਤਾਨ ਜਾਣ ਵਾਲੀਆਂ ਸਾਰੀਆਂ ਹਵਾਈ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਸੀ। 

ਦਸਣਯੋਗ ਹੈ ਕਿ ਅਜੇ ਤਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਇਸਲਾਮਾਬਾਦ ਅਤੇ ਲੰਡਨ ਵਿਚਕਾਰ ਸਿੱਧੀ ਉਡਾਣ ਭਰਨ ਵਾਲੀ ਇਕੋਇਕ ਏਅਰਲਾਈਨ ਸੀ। ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਰਗ 'ਤੇ ਬੋਇੰਗ 787 ਡ੍ਰੀਮਲਾਈਨਰਜ਼ ਜਹਾਜ਼ ਨਾਲ ਸੰਚਾਲਨ ਦੀ ਸ਼ੁਰੂਆਤ ਕੀਤੀ ਹੈ। ਪਾਕਿਸਤਾਨ ਵਿਚ ਬਿ੍ਟੇਨ ਤੇ ਹਾਈ ਕਮਿਸ਼ਨਰ ਥਾਮਸ ਡੂ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਨੇ ਪਾਕਿਸਤਾਨ ਵਿਚ ਬਿ੍ਟਿਸ਼ ਕੰਪਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ।