ਕੈਨੇਡਾ ਦੇ 10 ਡਾਲਰ ਦੇ ਕਰੰਸੀ ਨੋਟ ਨੂੰ ਮਿਲਿਆ ਕੌਮਾਂਤਰੀ ਐਵਾਰਡ

by

ਟੋਰਾਂਟੋ (ਵਿਕਰਮ ਸਹਿਜਪਾਲ) : ਕੈਨੇਡਾ ਦੇ ਨਵੇਂ 10 ਡਾਲਰ ਦੇ ਕਰੰਸੀ ਨੋਟ ਨੂੰ ਕੌਮਾਂਤਰੀ ਐਵਾਰਡ ਨਾਲ ਨਿਵਾਜਿਆ ਗਿਆ ਹੈ ਜੋ ਦੁਨੀਆਂ ਦਾ ਪਹਿਲਾ ਵਰਟੀਕਲ ਭਾਵ ਲੰਬ ਆਕਾਰੀ ਨੋਟ ਹੈ। ਇੰਟਰਨੈਸ਼ਨਲ ਬੈਂਕ ਨੋਟ ਸੁਸਾਇਟੀ ਵੱਲੋਂ ਕਰੰਸੀ ਨੋਟਾਂ ਦਾ ਮੁਕਾਬਲਾ ਕਰਵਾਇਆ ਗਿਆ ਸੀ ਅਤੇ ਕੈਨੇਡਾ ਵੱਲੋਂ ਇਸ ਮੁਕਾਬਲੇ ਵਿਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਵਾਇਲਾ ਡਜ਼ਮੰਡ ਦੀ ਤਸਵੀਰ ਵਾਲਾ 10 ਡਾਲਰ ਦਾ ਨੋਟ ਭੇਜਿਆ ਗਿਆ। ਕੈਨੇਡਾ ਦੇ ਕਰੰਸੀ ਨੋਟ ਨੂੰ ਭਾਵੇਂ ਹੋਰਨਾਂ ਮੁਲਕਾਂ ਤੋਂ ਸਖ਼ਤ ਟੱਕਰ ਮਿਲੀ ਪਰ ਅੰਤ ਵਿਚ ਇਸ ਨੂੰ ਬਿਹਤਰੀਨ ਦਾ ਖ਼ਿਤਾਬ ਦੇ ਦਿਤਾ ਗਿਆ। ਅੰਤਰਰਾਸ਼ਟਰੀ ਮੁਕਾਬਲੇ 'ਚ ਸਵਿਟਜ਼ਰਲੈਂਡ, ਨਾਰਵੇ ਅਤੇ ਰੂਸ ਵਰਗੇ 15 ਦੇਸ਼ਾਂ ਦੇ ਕਰੰਸੀ ਨੋਟ ਸ਼ਾਮਲ ਕੀਤੇ ਗਏ।

ਦੱਸ ਦੇਈਏ ਕਿ ਕੈਨੇਡਾ ਦੇ ਇਸ ਜੇਤੂ ਨੋਟ ਦੇ ਪਿੱਛੇ ਮਨੁੱਖੀ ਅਧਿਕਾਰ ਮਿਊਜ਼ੀਅਮ ਦਾ ਚਿੱਤਰ ਵੀ ਛਪਿਆ ਹੋਇਆ ਹੈ। ਡਜ਼ਮੰਡ ਕੈਨੇਡਾ ਦੀ ਪਹਿਲੀ ਮਹਿਲਾ ਹੈ ਜਿਸ ਦੀ ਤਸਵੀਰ ਕਿਸੇ ਬੈਂਕ ਨੋਟ 'ਤੇ ਪ੍ਰਮੁੱਖਤਾ ਨਾਲ ਛਾਪੀ ਗਈ। ਇਸ ਮੁਕਾਬਲੇ 'ਚ ਸਵਿਟਜ਼ਰਲੈਂਡ ਦੇ 200 ਫ਼੍ਰੈਂਕ ਵਾਲੇ ਨੋਟ ਨੂੰ ਦੂਜਾ ਸਥਾਨ ਮਿਲਿਆ, ਜਦ ਕਿ ਨਾਰਵੇ ਦੇ 500 ਕ੍ਰੋਨਰ ਵਾਲਾ ਨੋਟ ਤੀਜੇ ਸਥਾਨ 'ਤੇ ਰਿਹਾ। ਉਧਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਿਛਲੇ ਸਮੇਂ ਦੌਰਾਨ ਛਾਪੇ ਕੁਝ ਨੋਟ ਵੀ ਮੁਕਾਬਲੇ ਵਿਚ ਸ਼ਾਮਲ ਕੀਤੇ ਗਏ ਪਰ ਪਹਿਲੇ ਤਿੰਨ ਸਥਾਨਾਂ ਵਿਚ ਕੋਈ ਸ਼ਾਮਲ ਨਾ ਹੋ ਸਕਿਆ।