ਕੈਨੇਡੀਅਨ ਲੋਕਾਂ ਨੇ ਚੀਨ ਨਾਲ ਸੰਬੰਧ ਸੁਧਾਰਨ ਦੀ ਆਸ ‘ਚ ਰੱਖੀ ਇਹ ਰਾਏ

by vikramsehajpal

ਓਟਾਵਾ,(ਦੇਵ ਇੰਦਰਜੀਤ) :ਕੈਨੇਡੀਅਨ ਲੋਕ ਇਸ ਵਿਚਾਰ ਨਾਲ ਬਹੁਤ ਜ਼ਿਆਦਾ ਸਹਿਮਤ ਹਨ ਕਿ ਕੋਵਰੀਗ ਅਤੇ ਸਪਾਵੋਰ ਦੋਹਾਂ ਨੂੰ ਰਿਹਾਅ ਕੀਤੇ ਬਿਨਾਂ ਕੈਨੇਡਾ ਅਤੇ ਚੀਨ ਇਸ ਕੂਟਨੀਤਕ ਗਤੀਰੋਧ ਨੂੰ ਖ਼ਤਮ ਨਹੀਂ ਕਰ ਸਕਦੇ। ਤਿੰਨ-ਚੌਥਾਈ (77%) ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ ਉਦੋਂ ਤੱਕ ਸੰਬੰਧ ਤਣਾਅਪੂਰਨ ਬਣੇ ਰਹਿਣਗੇ। ਕੁਝ ਕੁ ਅਸਹਿਮਤ ਹਨ, ਜਦੋਂ ਕਿ 13 ਫੀਸਦੀ ਅਨਿਸ਼ਚਿਤ ਹਨ।” ਇਸ ਤੋਂ ਇਲਾਵਾ, ਲਗਭਗ ਤਿੰਨ-ਚੌਥਾਈ ਕੈਨੇਡੀਅਨਾਂ ਮਤਲਬ 74 ਫੀਸਦੀ ਕਹਿੰਦੇ ਹਨ ਕਿ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰਾਂ ਦੇ ਸੰਬੰਧ ਵਿਚ ਕੀਤੀਆਂ ਕਾਰਵਾਈਆਂ ਨੂੰ ਨਸਲਕੁਸ਼ੀ ਕਿਹਾ ਜਾਣਾ ਚਾਹੀਦਾ ਹੈ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਪਿਛਲੇ ਮਹੀਨੇ ਟਰੂਡੋ ਸਰਕਾਰ ਨੂੰ ਚੀਨ ਦੇ ਕੱਟੜਪੰਥੀ ਪ੍ਰੋਗਰਾਮ ਨੂੰ ਨਸਲਕੁਸ਼ੀ ਘੋਸ਼ਿਤ ਕਰਨ ਦੀ ਮੰਗ ਕੀਤੀ ਸੀ।

ਦੱਸ ਦਈਏ ਕਿ ਮੰਗਲਵਾਰ ਤੱਕ ਕੈਨੇਡੀਅਨ ਨਾਗਰਿਕ, ਜਿਹਨਾਂ ਵਿਚ ਸਾਬਕਾ ਡਿਪਲੋਮੈਟ ਮਾਈਕਲ ਕੋਵਰੀਗ ਅਤੇ ਕਾਰੋਬਾਰੀ ਮਾਈਕਲ ਸਪਾਵੋਰ ਸ਼ਾਮਲ ਹਨ ਦੋਵੇਂ ਜਾਸੂਸੀ ਦੇ ਦੋਸ਼ਾਂ ਵਿਚ 800 ਦਿਨਾਂ ਤੋਂ ਚੀਨੀ ਨਜ਼ਰਬੰਦੀ ਵਿਚ ਹਨ। ਭਾਵੇਂਕਿ ਓਟਾਵਾ ਦਾ ਕਹਿਣਾ ਹੈ ਕਿ ਚੀਨ ਦੀ ਇਹ ਕਾਰਵਾਈ ਹੁਵੇਈ ਦੇ ਮੁੱਖ ਵਿੱਤ ਅਧਿਕਾਰੀ ਮੇਂਗ ਵਾਨਝੋਊ ਨੂੰ ਕੈਨੇਡਾ ਦੀ ਨਜ਼ਰਬੰਦੀ ਵਿਚ ਰੱਖੇ ਜਾਣ ਦੇ ਕਾਰਨ ਹੈ, ਜਿਨ੍ਹਾਂ ਨੂੰ ਸਾਲ 2018 ਵਿਚ ਸੰਯੁਕਤ ਰਾਜ ਦੀ ਅਪੀਲ 'ਤੇ ਵੈਨਕੂਵਰ ਵਿਚ ਨਜ਼ਰਬੰਦ ਕੀਤਾ ਗਿਆ ਸੀ।

ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਚੀਨ ਨਾਲ ਉਦੋਂ ਤੱਕ ਦੋ-ਪੱਖੀ ਸਬੰਧਾਂ ਵਿਚ ਕੋਈ ਸੁਧਾਰ ਨਹੀਂ ਹੋ ਸਕਦਾ ਜਦੋਂ ਤੱਕ ਉਨ੍ਹਾਂ ਦੇ ਦੋ ਨਾਗਰਿਕਾਂ ਨੂੰ ਚੀਨ ਵਿਚ ਨਜ਼ਰਬੰਦੀ ਵਿਚੋਂ ਰਿਹਾਅ ਨਹੀਂ ਕੀਤਾ ਜਾਂਦਾ। ਇਸ ਜਾਣਕਾਰੀ ਬਾਰੇ ਐਂਗਸ ਰੀਡ ਇੰਸਟੀਚਿਊਟ ਦੇ ਇਕ ਸਰਵੇਖਣ ਨੇ ਖੁਲਾਸਾ ਕੀਤਾ ਹੈ।