ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਈਏਸ਼ਨ ਦੇ ਵਫਦ ਵੱਲੋਂ ਵਿਭਾਗ ਦੇ ਸਕੱਤਰ ਨਾਲ ਮੁਲਾਕਾਤ

by

ਚੰਡੀਗੜ (ਇੰਦਰਜੀਤ ਸਿੰਘ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵੱਖ-ਵੱਖ ਕਾਡਰਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਈਏਸ਼ਨ ਦੇ ਵਫਦ ਵੱਲੋਂ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨਾਲ ਮੁਲਾਕਾਤ ਕੀਤੀ।ਵਿਭਾਗੀ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਸਕੱਤਰ ਵੱਲੋਂ ਵੱਖ-ਵੱਖ ਕਾਡਰ ਉਤੇ ਕੰਮ ਕਰਦੇ ਅਧਿਕਾਰੀਆਂ ਦੀਆਂ ਪਦ-ਉੱਨਤੀਆਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਨ ਲਈ ਜਲਦ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਸੱਦਣ ਦਾ ਭਰੋਸਾ ਦਿੱਤਾ ਗਿਆ ਅਤੇ ਨਾਲ ਹੀ ਤਨਖਾਹਾਂ ਵਿਚਲੀਆਂ ਤੁਰੱਟੀਆਂ ਦੂਰ ਕਰਨ ਲਈ ਛੇਵੇਂ ਤਨਖਾਹ ਕਮਿਸ਼ਨ ਨੂੰ ਮਜ਼ਬੂਤੀ ਨਾਲ ਮਾਮਲਾ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ। ਐਸੋਸੀਏਸ਼ਨ ਦੇ ਚੇਅਰਪਰਸਨ ਦੇ ਡਾ ਸੇਨੂੰ ਦੁੱਗਲ, ਵਾਈਸ ਚੇਅਰਮੈਨ ਡਾ ਓਪਿੰਦਰ ਸਿੰਘ ਲਾਂਬਾ ਤੇ ਪ੍ਰਧਾਨ ਨਵਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਮਿਲੇ ਵਫਦ ਨੇ ਸਕੱਤਰ ਕੋਲ ਮੰਗ ਉਠਾਈ ਕਿ ਵਿਭਾਗ ਵਿੱਚ ਏ.ਪੀ.ਆਰ.ਓ., ਆਈ.ਪੀ.ਆਰ.ਓ ਤੇ ਡਿਪਟੀ ਡਾਇਰੈਕਟਰ ਦੀਆਂ ਪਦ-ਉੱਨਤੀਆਂ ਪੈਂਡਿੰਗ ਹਨ ਜਦੋਂ ਕਿ ਇਨ੍ਹਾਂ ਲਈ ਅਧਿਕਾਰੀ ਯੋਗ ਤਜ਼ਰਬਾ ਰੱਖਦੇ ਹਨ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਬਰਾੜ ਨੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਆਈ.ਪੀ.ਆਰ.ਓਜ਼ ਦੀਆਂ ਵੀ 20 ਦੇ ਕਰੀਬ ਪੋਸਟਾਂ ਖਾਲੀ ਹਨ ਜਿਨ੍ਹਾਂ ਲਈ ਏ.ਪੀ.ਆਰ.ਓਜ਼ ਨੂੰ ਤਰੱਕੀ ਦੇਣ ਦੀ ਮੰਗ ਉਠਾਈ ਗਈ।ਸਮੂਹ ਏ.ਪੀ.ਆਰ.ਓਜ਼ ਦੀ ਮੈਰਿਟ ਅਨੁਸਾਰ ਸੀਨੀਆਰਤਾ ਸੂਚੀ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ।ਇਸ ਦੇ ਨਾਲ ਹੀ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਦੀਆਂ 5 ਪੋਸਟਾਂ ਖਾਲੀ ਹਨ ਜਿਨ੍ਹਾਂ ਵਿੱਚੋਂ 4 ਪਦਉਨਤੀ ਰਾਹੀਂ ਭਰੀਆਂ ਜਾਣੀਆਂ ਹਨ। ਜੇਕਰ ਡਿਪਟੀ ਡਾਇਰੈਕਟਰ ਤੋਂ ਜੁਆਇੰਟ ਡਾਇਰੈਕਟਰ ਦੀਆਂ ਪਦ-ਉੱਨਤੀਆਂ ਕਰ ਦਿੱਤੀਆਂ ਜਾਣ ਤਾਂ ਡਿਪਟੀ ਡਾਇਰੈਕਟਰ ਲਈ ਤਜ਼ਰਬਾ ਰੱਖਦੇ ਆਈ.ਪੀ.ਆਰ.ਓਜ਼ ਵੀ ਤਰੱਕੀ ਹਾਸਲ ਕਰ ਸਕਦੇ ਹਨ ਜਿਸ ਨਾਲ ਵਿਭਾਗ ਦੇ ਕੰਮ ਵਿੱਚ ਹੋਰ ਵੀ ਕਾਰਜਕੁਸ਼ਲਤਾ ਆਵੇਗੀ। ਇਨ੍ਹਾਂ ਮੰਗਾਂ ਉਤੇ ਹੱਲ ਲਈ ਸਕੱਤਰ ਵੱਲੋਂ ਜਲਦ ਡੀ.ਪੀ. ਸੀ. ਦੀ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ ਗਿਆ।

ਐਸੋਸੀਏਸ਼ਨ ਵੱਲੋਂ ਇਕ ਹੋਰ ਮੰਗ ਉਠਾਈ ਗਈ ਕਿ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਬੁਲਾਏ ਜਾਣ 'ਤੇ ਐਸੋਸੀਏਸ਼ਨ ਵੱਲੋਂ ਵਿਭਾਗ ਦੇ ਵੱਖ-ਵੱਖ ਕਾਡਰਾਂ ਦੀਆਂ ਤਨਖਾਹਾਂ ਵਿੱਚ ਅਨਾਮਲੀਆਂ ਦੂਰ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਸੀ। ਇਸ ਕੇਸ ਨੂੰ ਮਜ਼ਬੂਤ ਕਰਨ ਲਈ ਮੰਗ ਕੀਤੀ ਗਈ ਕਿ ਵਿਭਾਗ ਵੀ ਤਨਖਾਹ ਕਮਿਸ਼ਨ ਅੱਗੇ ਇਨ੍ਹਾਂ ਅਨਾਮਲੀਆਂ ਨੂੰ ਦੂਰ ਕਰਨ ਲਈ ਮਜ਼ਬੂਤੀ ਨਾਲ ਕੇਸ ਰੱਖੇ ਜਿਸ ਉਤੇ ਪੈਰਵੀ ਕਰਨ ਲਈ ਸਕੱਤਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ। ਇਸ ਦੌਰਾਨ ਸਕੱਤਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਵਫਦ ਵਿੱਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਆਹਲੂਵਾਲੀਆ, ਸਕੱਤਰ ਜਨਰਲ ਸ਼ਿਖਾ ਨਹਿਰਾ, ਸਕੱਤਰ ਹਰਮੀਤ ਸਿੰਘ ਢਿੱਲੋਂ, ਕਾਰਜਕਾਰਨੀ ਮੈਂਬਰ ਡਾ ਕੁਲਜੀਤ ਸਿੰਘ ਮੀਆਂਪੁਰੀ, ਸੁਬੇਗ ਸਿੰਘ, ਰਵੀ ਇੰਦਰ ਸਿੰਘ ਮੱਕੜ ਤੇ ਅਵਤਾਰ ਸਿੰਘ ਧਾਲੀਵਾਲ ਵੀ ਹਾਜ਼ਰ ਸਨ।