ਢੀਂਡਸਾ ਨੇ ਆਪਣੀ ਚੁੱਪ ਤੋੜਦੇ ਹੋਏ ਜਿੱਥੇ ਐੱਨਡੀਏ ਉਮੀਦਵਾਰਾਂ ਨੂੰ ਜਿਤਾਉਣ ਦਾ ਹੋਕਾ ਦਿੱਤਾ

by

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਚੁੱਪ ਤੋੜਦੇ ਹੋਏ ਜਿੱਥੇ ਐੱਨਡੀਏ ਉਮੀਦਵਾਰਾਂ ਨੂੰ ਜਿਤਾਉਣ ਦਾ ਹੋਕਾ ਦਿੱਤਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਗੁਣਗਾਨ ਕਰਦਿਆਂ ਸੋਹਲੇ ਗਾਏ ਹਨ। ਉਨ੍ਹਾਂ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐੱਨਡੀਏ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੋਟ ਪਾਉਣ। ਢੀਂਡਸਾ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਮੋਦੀ ਸਰਕਾਰ ਨੇ ਕਈ ਵੱਡੇ ਕਦਮ ਚੁੱਕੇ ਹਨ। ਦਿੱਲੀ 'ਚ ਇਕ ਪ੍ਰਰੈੱਸ ਕਾਨਫਰੰਸ ਦੌਰਾਨ ਢੀਂਡਸਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸੱਜਣ ਕੁਮਾਰ ਨੂੰ ਜੇਲ੍ਹ ਭੇਜਣ, ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ, ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ, ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਉਣ, ਲੰਗਰ 'ਤੇ ਜੀਐੱਸਟੀ ਮਾਫ਼ ਕਰਨ ਦਾ ਫ਼ੈਸਲਾ ਅਤੇ ਸਿੱਖਾਂ ਦੇ ਨਾਂ ਕਾਲੀ ਸੂਚੀ ਖ਼ਤਮ ਕਰਵਾਉਣ ਵਰਗੇ ਅਹਿਮ ਫ਼ੈਸਲੇ ਮੋਦੀ ਸਰਕਾਰ ਵੱਲੋਂ ਲਏ ਗਏ ਹਨ।

ਢੀਂਡਸਾ ਨੇ ਕਿਹਾ ਕਿ ਉਹ ਸਾਰੇ ਐੱਨਡੀਏ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦੇ ਹਨ ਜਿਨ੍ਹਾਂ ਵਿਚ ਸੰਗਰੂਰ ਦੇ ਲੋਕ ਵੀ ਸ਼ਾਮਲ ਹਨ। ਪੰਜਾਬ ਦੇ ਚੋਣ ਪ੍ਰਚਾਰ ਵਿਚੋਂ ਗ਼ਾਇਬ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਢੀਂਡਸਾ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਹੀ ਅਪੀਲ ਕਰ ਰਹੇ ਹਨ।ਇੱਥੇ ਇਹ ਦੱਸਣਯੋਗ ਹੈ ਕਿ ਢੀਂਡਸਾ ਨੇ ਕਈ ਮਹੀਨੇ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਦੇ ਚੱਲਦਿਆਂ ਨਾਰਾਜ਼ ਹੋ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।ਅਸਤੀਫ਼ੇ ਪਿੱਛੇ ਆਪਣੀ ਸੁਖਬੀਰ ਨਾਲ ਕਈ ਮੁੱਦਿਆਂ 'ਤੇ ਨਾਰਾਜ਼ਗੀ ਤੋਂ ਇਲਾਵਾ ਆਪਣੀ ਖ਼ਰਾਬ ਸਿਹਤ ਦਾ ਵੀ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਤੋਂ ਨਹੀਂ ਬਲਕਿ ਅਹੁਦੇ ਛੱਡ ਰਹੇ ਹਨ। ਇਸ ਦੌਰਾਨ ਉਨ੍ਹਾਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਚੋਣ ਨਾ ਲੜਣ ਦੀ ਸਲਾਹ ਦਿੱਤੀ ਸੀ ਪ੍ਰੰਤੂ ਜਦੋਂ ਅਕਾਲੀ ਦਲ ਨੇ ਪਰਮਿੰਦਰ ਨੂੰ ਟਿਕਟ ਦੇ ਦਿੱਤੀ ਤਾਂ ਵੱਡੇ ਢੀਂਡਸਾ ਸਾਹਿਬ ਨੇ ਆਪਣੇ ਪੁੱਤਰ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਸੀ ਕਿ ਮੈਂ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਨਹੀਂ ਕਰਾਂਗਾ।

ਸੰਗਰੂਰ ਵਿਚ ਵੱਡੇ ਢੀਂਡਸਾ ਦੀ ਗ਼ੈਰ ਹਾਜ਼ਰੀ ਅਕਾਲੀ ਦਲ ਨੂੰ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਰੜਕਦੀ ਆ ਰਹੀ ਹੈ ਪ੍ਰੰਤੂ ਮੰਗਲਵਾਰ ਨੂੰ ਅਚਾਨਕ ਦਿੱਲੀ ਵਿਚ ਉਨ੍ਹਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਕੀਤੇ ਗਏ ਐਲਾਨ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ।ਇੱਥੇ ਇਹ ਦੱਸਣਯੋਗ ਹੈ ਕਿ ਅਕਾਲੀ ਦਲ 'ਚ ਰਹਿੰਦੇ ਹੋਏ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲੇ ਬਾਦਲਾਂ ਨੂੰ ਬਾਗ਼ੀ ਸੁਰਾਂ ਦਿਖਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਮੋਦੀ ਸਰਕਾਰ ਵੱਲੋਂ ਪਦਮ ਭੂਸ਼ਣ ਐਵਾਰਡ ਨਾਲ ਨਿਵਾਜਿਆ ਗਿਆ ਸੀ। ਉਸ ਸਮੇਂ ਤੋਂ ਹੀ ਸਿਆਸੀ ਹਲਕਿਆਂ ਵਿਚ ਚਰਚਾਵਾਂ ਚੱਲ ਰਹੀਆਂ ਹਨ ਕਿ ਢੀਂਡਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਧੇ ਸੰਪਰਕ ਵਿਚ ਹਨ।