ਫੀਲਡ ਆਊਟਰੀਚ ਬਿਊਰੋ ਵੱਲੋਂ RCF ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਆਯੋਜਿਤ

by mediateam

ਕਪੂਰਥਲਾ : ਸਦੀਆਂ ਤੋਂ ਚਲੀ ਆ ਰਹੀ ਭਾਰਤੀ ਪਰੰਪਰਾ ਯੋਗ ਨੂੰ ਅੱਜ ਕਲ ਦੇ ਤਨਾਅ ਭਰੇ ਜੀਵਨ ਵਿੱਚ ਅਪਣਾਉਣ ਲਈ ਬੀਤੇ 5 ਵਰਿਆਂ ਤੋਂ ਵਿਸ਼ਵ ਭਰ ਵਿੱਚ 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਅੱਜ ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਰੇਲ ਕੋਚ ਫੈਕਟਰੀ ਦੇ ਪ੍ਰਿੰਸੀਪਲ ਚੀਫ ਮੈਕੈਨੀਕਲ ਇੰਜੀਨੀਅਰ ਰਾਜਕੁਮਾਰ ਮੰਗਲਾ ਸਮੇਤ ਵੱਡੀ ਗਿਣਤੀ ਵਿੱਚ ਮਰਦਾਂ ਅਤੇ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ। 

ਤੜਕੇ 5 ਵਜੇ ਸ਼ੁਰੂ ਹੋਏ ਇਸ ਯੋਗ ਪ੍ਰੋਗਰਾਮ ਵਿੱਚ ਭਾਰਤੀ .ਯੋਗ ਸੰਸਥਾਨ ਨਾਲ ਜੁੜੇ ਸਰਬਜੀਤ ਲਾਲ ਭਾਟੀਆ ਅਤੇ ਸੁਮਨ ਰਾਣਾ ਨੇ ਯੋਗ ਦੇ ਵੱਖ ਵੱਖ ਆਸਨ ਕਰਵਾਏ। ਇਨਾਂ ਵਿੱਚ ਪ੍ਰਾਣਾਯਾਮ, ਕਪਾਲ ਭਾਤੀ ਅਤੇ ਹੋਰ ਕਈ ਆਸਨ ਅਤੇ ਕਸਰਤਾਂ ਸ਼ਾਮਿਲ ਸਨ। ਪ੍ਰੋਗਰਾਮ ਦੌਰਾਨ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਇਕ ਕੁਇਜ਼ ਮੁਕਾਬਲਾ ਵੀ ਕਰਵਾਇਆ। ਉਨਾਂ ਦੱਸਿਆ ਕਿ ਸਾਲ 2015 ਤੋਂ ਵਿਸ਼ਵ ਭਰ ਵਿੱਚ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ, ਜੋ ਸੰਯੁਕਤ ਰਾਸ਼ਟਰ ਦੀ 11 ਦਸੰਬਰ, 2014 ਦੀ ਆਮ ਸਭਾ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਸਵੀਕਾਰ ਕਰ ਲਏ ਜਾਣ ਤੋਂ  ਬਾਅਦ ਸ਼ੁਰੂ ਹੋਇਆ ਸੀ, ਹੁਣ 5ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ। 

ਉਨਾਂ ਕਿਹਾ ਕਿ ਯੋਗ ਮਨੁੱਖ ਦੀ ਚੰਗੀ ਸਿਹਤ ਅਤੇ ਕਲਿਆਣ ਦੀ ਦਿਸ਼ਾ ਵੱਲ ਇਕ ਸੰਪੂਰਨ ਨਜ਼ਰੀਆ ਹੈ। ਇਸ ਮੌਕੇ ਤੇ ਯੋਗ ਗੀਤ 'ਤਨ ਮਨ ਜੀਵਨ ਚਲੋ ਸੰਵਾਰੇਂ, ਯੋਗ ਕਾ ਰਾਹ ਅਪਣਾਏਂ' ਦੀ ਵੀ ਪੇਸ਼ਕਾਰੀ ਕੀਤੀ ਗਈ। ਕੁਇਜ਼ ਦੇ ਜੇਤੂਆਂ ਅਤੇ ਭਾਰਤੀ ਯੋਗ  ਸੰਸਥਾਨ ਦੇ ਨੁਮਾਇੰਦਿਆਂ ਨੂੰ ਫੀਲਡ ਆਊਟਰੀਚ ਬਿਊਰੋ ਵੱਲੋਂ ਸਨਮਾਨਿਤ ਕੀਤਾ ਗਿਆ।