ਜੀ.ਟੀ.ਏ. ‘ਚ ਲੋਬਲਾਅਜ਼ ਦੇ 75 ਮੁਲਾਜ਼ਮ ਨਿਕਲੇ ਕੋਵਿਡ-19 ਪਾਜ਼ੀਟਿਵ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਲੋਬਲਾਅਜ਼ ਦਾ ਕਹਿਣਾ ਹੈ ਕਿ ਕ੍ਰਿਸਮਸ ਤੋਂ ਇੱਕ ਦਿਨ ਪਹਿਲੀ ਸ਼ਾਮ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ 75 ਮੁਲਾਜ਼ਮ ਇੱਕਲੇ ਜੀ.ਟੀ.ਏ ਵਿੱਚ ਹੀ ਕੋਵਿਡ-19 ਪਾਜ਼ੀਟਿਵ ਆ ਚੁੱਕੇ ਹਨ।

ਕੰਪਨੀ ਦੀ ਵੈੱਬਸਾਈਟ ਅਨੁਸਾਰ ਉਨ੍ਹਾਂ ਦੇ ਇਹ ਮੁਲਾਜ਼ਮ ਉਨ੍ਹਾਂ ਦੇ 60 ਸਟੋਰਾਂ ਵਿੱਚ ਕੰਮ ਕਰਦੇ ਹਨ। ਸਿਟੀ ਆਫ ਟੋਰਾਂਟੋ ਵਿੱਚ ਹੀ ਅਜਿਹੀਆਂ 30 ਲੋਕੇਸ਼ਨਾਂ ਹਨ ਜਿੱਥੋਂ ਦੇ ਮੁਲਾਜ਼ਮ ਪਾਜ਼ੀਟਿਵ ਆਏ ਹਨ। ਐਤਵਾਰ ਨੂੰ ਕੰਪਨੀ ਨੇ ਜੀਟੀਏ ਦੇ 19 ਸਟੋਰਾਂ ਵਿੱਚ ਕੰਮ ਕਰਨ ਵਾਲੇ ਕੰਪਨੀ ਦੇ ਮੁਲਾਜ਼ਮਾਂ ਦੇ ਪਾਜ਼ੀਟਿਵ ਆਉਣ ਦੀ ਰਿਪੋਰਟ ਦਿੱਤੀ। ਕੰਪਨੀ ਦੀ ਸਾਈਟ ਉੱਤੇ ਓਨਟਾਰੀਓ ਭਰ ਵਿੱਚ 100 ਸਟੋਰਾਂ ਉੱਤੇ 125 ਮਾਮਲੇ ਪਾਏ ਜਾਣ ਦੀ ਰਿਪੋਰਟ ਵੀ ਕੀਤੀ ਗਈ ਹੈ।

ਪ੍ਰਭਾਵਿਤ ਸਟੋਰਾਂ ਵਿੱਚ ਲੋਬਲਾਅ ਦੀ ਮੇਨਲਾਈਨ ਲੋਕੇਸ਼ਨ ਦੇ ਨਾਲ ਨਾਲ ਸ਼ਾਪਰਜ਼ ਡਰੱਗ ਮਾਰਟ, ਨੌਫਰਿੱਲਜ਼, ਰੀਅਲ ਕੈਨੇਡੀਅਨ ਸੁਪਰਸਟੋਰ ਤੇ ਹੋਰ ਸਟੋਰ ਜਿਹੜੇ ਲੋਬਲਾਅਜ਼ ਦੇ ਨਾਂ ਥੱਲੇ ਚੱਲਦੇ ਹਨ, ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਪਬਲਿਕ ਹੈਲਥ ਅਧਿਕਾਰੀਆਂ ਦੇ ਨਾਲ ਕੰਮ ਕਰਨਾ ਜਾਰੀ ਰੱਖੇਗੀ ਤੇ ਹਰ ਪੱਖੋਂ ਸਹਿਯੋਗ ਦੇਵੇਗੀ।