ਭਿਆਨਕ ਅੱਗ ਲੱਗਣ ਕਾਰਨ ਸੈਂਕੜੇ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ

by mediateam

ਫਿਲੌਰ : ਨੇੜਲੇ ਪਿੰਡਾਂ ਝੁੱਗੀਆਂ ਮਹਾਂ ਸਿੰਘ, ਕਤਪਾਲੋਂ, ਅਸ਼ਾਹੂਰ ਅਤੇ ਫਤਹਿਪੁਰ ਦੇ ਖੇਤਾਂ 'ਚ ਸ਼ਨਿੱਚਰਵਾਰ ਭਿਆਨਕ ਅੱਗ ਲੱਗਣ ਕਾਰਨ ਸੈਂਕੜੇ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ। ਤੇਜ਼ ਹਵਾ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਲੋਕਾਂ ਵੱਲੋਂ ਇਸ ਸਬੰਧੀ ਐੱਸਡੀਐੱਮ ਫਿਲੌਰ ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ, ਅੱਗ ਝੁੱਗੀਆਂ ਮਹਾਂ ਸਿੰਘ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਚ ਹੋਈ ਸਪਾਰਕਿੰਗ ਕਾਰਨ ਲੱਗੀ। ਲੋਕਾਂ ਵੱਲੋਂ ਜਿਥੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਨੌਜਵਾਨਾਂ ਵੱਲੋਂ ਅੱਗ ਨੂੰ ਫੈਲਣ ਤੋਂ ਰੋਕਣ ਲਈ ਟਰੈਕਟਰਾਂ ਰਾਹੀਂ ਜ਼ਮੀਨ ਨੂੰ ਵਾਹੁਣ ਦਾ ਯਤਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅੱਗ ਲੱਗਣ ਤੋਂ ਕੋਈ ਕਰੀਬ ਪੌਣਾ ਘੰਟਾ ਬਾਅਦ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ, ਉਦੋਂ ਤਕ ਅੱਗ ਕਾਫੀ ਨੁਕਸਾਨ ਕਰ ਚੁੱਕੀ ਸੀ। ਕਿਸਾਨਾਂ ਸਰਦਾਰਾ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਚੰਨੀ, ਜਸਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਜੋਗਾ ਸਿੰਘ, ਸੁਲੱਖਣ ਸਿੰਘ, ਕੁਲਵਿੰਦਰ ਸਿੰਘ, ਤਜਿੰਦਰ ਸਿੰਘ, ਬੀਬੀ ਛਿੰਦੋ, ਜਸਪਾਲ ਸਿੰਘ ਆਦਿ ਨੇ ਦੱਸਿਆ ਕਿ ਅਜੇ ਤਕ ਨੁਕਸਾਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜਾਣਕਾਰੀ ਅਨੁਸਾਰ ਸੈਂਕੜੇ ਕਣਕ ਅੱਗ ਨਾਲ ਨੁਕਸਾਨੀ ਗਈ ਹੈ।

ਅੱਗ ਲੱਗਣ ਦੀ ਜਾਣਕਾਰੀ ਮਿਲਣ 'ਤੇ ਐੱਸਡੀਐੱਮ ਫਿਲੌਰ ਰਾਜੇਸ਼ ਸ਼ਰਮਾ, ਨਾਇਬ ਤਹਿਸੀਲਦਾਰ ਜੋਗਿੰਦਰ ਲਾਲ ਅਤੇ ਏਐੱਸਆਈ ਰਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਸਨ।ਐੱਸਡੀਐੱਮ ਫਿਲੌਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅੰਦਾਜ਼ੇ ਅਨੁਸਾਰ ਅੱਗ ਨੇ 6 ਕਿਲੋਮੀਟਰ ਦੇ ਦਾਇਰੇ 'ਚ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਫਿਲੌਰ ਅਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਬਣਦੀ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜਣ ਤਾਂ ਜੋ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਟਰਾਂਸਫਾਰਮਰ ਤੋਂ ਸਪਾਰਕਿੰਗ ਦੱਸਿਆ ਜਾ ਰਿਹਾ ਹੈ।