ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਕਾਰ ਸਮਝੌਤਾ ਪੱਤਰ ‘ਤੇ ਦਸਤਖ਼ਤ

by

ਡੇਰਾ ਬਾਬਾ ਨਾਨਕ (ਇੰਦਰਜੀਤ ਸਿੰਘ) : ਡੇਰਾ ਬਾਬਾ ਨਾਨਕ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਅਧਿਕਾਰੀਆਂ ਵਿਚਕਾਰ ਯਾਤਰਾ ਦੇ ਸੰਚਾਲਨ ਲਈ ਸਮਝੌਤਾ ਪੱਤਰ 'ਤੇ ਦਸਤਖ਼ਤ ਹੋ ਗਏ ਹਨ। ਗ੍ਰਹਿ ਮੰਤਰਾਲੇ ਦੇ ਸਯੁੰਕਤ ਸਕੱਤਰ ਐੱਸਸੀਐੱਲ ਦਾਸ ਨੇ ਦੱਸਿਆ ਕਿ ਇਸ ਸਮਝੌਤੇ 'ਤੇ ਦਸਤਖ਼ਤ ਦੇ ਨਾਲ, ਕਰਤਾਰਪੁਰ ਲਾਂਘੇ ਗਲਿਆਰੇ ਦੇ ਸੰਚਾਲਨ ਲਈ ਇਕ ਰਸਮੀ ਰੂਪਰੇਖਾ ਤਿਆਰ ਕੀਤੀ ਗਈ ਹੈ। ਯਾਤਰਾ ਪੂਰੀ ਤਰ੍ਹਾਂ ਨਾਲ ਵੀਜ਼ਾ ਮੁਕਤ ਹੋਵੇਗੀ। ਸ਼ਰਧਾਲੂਆਂ ਨੂੰ ਸਿਰਫ ਇਕ ਲੀਗਲ ਪਾਸਪੋਰਟ ਲੈ ਜਾਣ ਦੀ ਲੋੜ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਮੌਕੇ ਭਾਰਤ-ਪਾਕਿ ਦੋਵਾਂ ਦੇਸ਼ਾਂ ਵੱਲੋਂ ਖੋਲ੍ਹੇ ਜਾ ਰਹੇ ਕਰਤਾਰਪੁਰ ਕੋਰੀਡੋਰ ਦੇ ਸਬੰਧ 'ਚ ਐਗਰੀਮੈਂਟ ਕਰਨ ਲਈ ਜ਼ੀਰੋ ਲਾਈਨ 'ਤੇ ਬੀਐੱਸਐਫ ਦੀ ਦੱਸ ਬਟਾਲੀਅਨ ਦੇ ਖੇਤਰ 'ਚੋਂ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਮੀਟਿੰਗ ਚੱਲ ਰਹੀ ਹੈ। 

ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਭਾਰਤ ਪਾਕਿ ਅਧਿਕਾਰੀਆਂ ਵੱਲੋਂ ਜ਼ੀਰੋ ਲਾਈਨ 'ਤੇ ਕੀਤੀਆਂ ਗਈਆਂ ਮੀਟਿੰਗਾਂ ਮੌਕੇ ਭਾਵੇਂ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਦਰਸ਼ਨ ਸਥਲ 'ਤੇ ਸ਼ਰਧਾਲੂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਸਨ, ਪਰ ਅੱਜ ਕੋਰੀਡੋਰ ਐਗਰੀਮੈਂਟ ਦੇ ਸਬੰਧ 'ਚ ਜ਼ੀਰੋ ਲਾਈਨ 'ਤੇ ਹੋ ਰਹੀ ਮੀਟਿੰਗ ਦੌਰਾਨ ਬੀਐੱਸਐਫ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰਦਿਆਂ ਕਰਤਾਰਪੁਰ ਦਰਸ਼ਨ ਸਥਲ 'ਤੇ ਮੀਡੀਆ ਤੋਂ ਇਲਾਵਾ ਸ਼ਰਧਾਲੂਆਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ। 

ਬੀਐੱਸਐੱਫ ਦੀ ਟਾਊਨ ਪੋਸਟ ਨੇੜੇ ਲਗਾਏ ਬੈਰੀਅਰ 'ਤੇ ਹੀ ਸ਼ਰਧਾਲੂਆਂ ਤੇ ਪੱਤਰਕਾਰਾਂ ਨੂੰ ਕਰਤਾਰਪੁਰ ਕੋਰੀਡੋਰ ' 'ਤੇ ਜਾਣ ਦੀ ਸਖ਼ਤ ਮਨਾਹੀ ਕੀਤੀ ਗਈ। ਜਿਸ ਦੇ ਸਬੰਧ 'ਚ ਨਾਨਕ ਨਾਮ ਲੇਵਾ ਸੰਗਤਾਂ 'ਚ ਰੋਸ ਪਾਇਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਸ਼ਰਧਾਲੂਆਂ ਲਈ ਕੋਰੀਡੋਰ ਦੇ ਇਸਤੇਮਾਲ, ਉਨ੍ਹਾਂ ਦੀ ਫੀਸ, ਸੁਰੱਖਿਆ, ਠਹਿਰਣ ਤੇ ਖਾਣ-ਪੀਣ ਦੀ ਵਿਵਸਥਾ ਨੂੰ ਲੈ ਕੇ ਸਮਝੌਤਾ ਹੋਵੇਗਾ। ਡੇਰਾ ਬਾਬਾ ਨਾਨਕ 'ਚ ਇਸ ਤੋਂ ਪਹਿਲਾਂ ਵੀ ਭਾਰਤ-ਪਾਕਿ ਅਧਿਕਾਰੀਆਂ ਵਿਚਕਾਰ ਤਿੰਨ ਵਾਰ ਬੈਠਕ ਹੋ ਚੁੱਕੀ ਹੈ।