ਚੀਨ ਖ਼ਿਲਾਫ਼ ਅਮਰੀਕਾ ਦੀ ਸੜਕਾਂ ਤੇ ਉਤਰੇ ਭਾਰਤੀ

by mediateam

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਚੀਨ ਦੀ ਹਮਲਾਵਰ ਨੀਤੀ ਅਤੇ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਖ਼ਿਲਾਫ਼ ਐਤਵਾਰ ਨੂੰ ਭਾਰਤੀ ਮੂਲ ਦੇ ਅਮਰੀਕੀਆਂ ਨੇ ਅਮਰੀਕਾ 'ਚ ਪ੍ਰਦਰਸ਼ਨ ਕੀਤਾ। ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਦੇ ਹੋਏ ਅਤੇ ਮਾਸਕ ਪਾ ਕੇ ਸ਼ਾਂਤੀਪੂਰਣ ਪ੍ਰਦਰਸ਼ਨਕਾਰੀ ਐਤਵਾਰ ਨੂੰ ਅਮਰੀਕਾ ਦੀ ਰਾਜਧਾਨੀ ਦੇ ਸਾਹਮਣੇ ਸਥਿਤ ਇਤਿਹਾਸਕ ਨੈਸ਼ਨਲ ਮਾਲ 'ਤੇ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਨੇ ਚੀਨ ਵਿਰੋਧੀ ਪੋਸਟਰ, ਬੈਨਰ ਦਿਖਾਉਣ ਦੇ ਨਾਲ ਹੀ ਕਮਿਊਨਿਸਟ ਪਾਰਟੀ ਆਫ ਚਾਈਨਾ (CPC) ਅਤੇ ਉਸ ਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 

ਦੱਸ ਦਈਏ ਕਿ ਓਵਰਸੀਜ਼ ਫਰੈਂਡਜ਼ ਆਫ ਬੀਜੇਪੀ ਯੂਐੱਸ ਦੇ ਅਦਾਪਾ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਗਰਮੀਆਂ ਵਿਚ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਸੀ, ਚੀਨ ਦੂਜੇ ਦੀ ਜ਼ਮੀਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਿਰਫ਼ ਭਾਰਤ ਵਿਚ ਲੱਦਾਖ ਦੀ ਗੱਲ ਨਹੀਂ ਹੈ, ਉਸ ਨੇ ਇਹ ਹਰਕਤ ਆਪਣੇ ਦੂਜੇ ਗੁਆਂਢੀਆਂ ਨਾਲ ਵੀ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਚੀਨ ਦੀ ਇਸ ਹਮਲਾਵਰ ਨੀਤੀ ਖ਼ਿਲਾਫ਼ ਇਕਜੁੱਟ ਹੋਵੇ। ਦੱਸਣਯੋਗ ਹੈ ਕਿ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਏ ਸੰਘਰਸ਼ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ ਜਦਕਿ 40 ਤੋਂ ਜ਼ਿਆਦਾ ਚੀਨੀ ਫ਼ੌਜੀ ਮਾਰੇ ਗਏ ਸਨ।