ਕੁਵੈਤ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ 2 ਕਰੋੜ ਤੋਂ ਜ਼ਿਆਦਾ ਦਾ ਚੂਨਾ ਲਗਾਇਆ

by mediateam

ਹੁਸ਼ਿਆਰਪੁਰ : ਇੱਥੋਂ ਦੇ ਪੁਰਹੀਰਾਂ ਖੇਤਰ ਵਿਚ ਕੁਵੈਤ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੀਬ ਪੰਜ ਸੌ ਲੋਕਾਂ ਤੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਮੰਗਲਵਾਰ ਨੂੰ ਟ੍ਰੈਵਲ ਏਜੰਟ ਦਾ ਦਫ਼ਤਰ ਘੇਰ ਕੇ ਖ਼ੂਬ ਹੰਗਾਮਾ ਕੀਤਾ। ਪ੍ਰਦਰਸ਼ਨ ਦੌਰਾਨ ਏਜੰਟ ਦੇ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ। ਉਸ ਤੋਂ ਬਾਅਦ ਲੋਕ ਪੁਰਹੀਰਾਂ ਚੌਕੀ ਪਹੁੰਚੇ ਅਤੇ ਪੁਲਿਸ ਨੂੰ ਹੱਡਬੀਤੀ ਸੁਣਾਈ। ਇਸ ਦੌਰਾਨ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਭਰਤ ਮਸੀਹ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਖ਼ਿਲਾਫ਼ ਬਣਦੀ ਕਾਰਵਾਈ ਹੋਵੇਗੀ। ਇਸ ਤੋਂ ਬਾਅਦ ਲੋਕ ਸ਼ਾਂਤ ਹੋਏ ਅਤੇ ਪੁਲਿਸ ਨੇ ਟ੍ਰੈਵਲ ਏਜੰਟ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕਈ ਨੌਜਵਾਨਾਂ ਤੋਂ 45-45 ਹਜ਼ਾਰ ਰੁਪਏ ਹੜੱਪੇ

ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਦੋਸ਼ ਹੈ ਕਿ ਆਦਮਵਾਲ ਨਿਵਾਸੀ ਸੁਰਜੀਤ ਸਿੰਘ ਨੇ ਪੁਰਹੀਰਾਂ ਵਿਚ ਜਗਦੰਬੇ ਇੰਟਰਪ੍ਰਾਈਜ਼ਿਜ਼ ਨਾਂ 'ਤੇ ਟ੍ਰੈਵਲ ਏਜੰਟ ਦਾ ਦਫ਼ਤਰ ਖੋਲ੍ਹਿਆ ਸੀ। ਤਕਰੀਬਨ ਪੰਜ ਮਹੀਨੇ ਪਹਿਲਾਂ ਉਸ ਨੂੰ ਵਿਗਿਆਪਨ ਦਿੱਤਾ ਸੀ ਕਿ ਕੁਵੈਤ ਵਿਚ ਕਾਫ਼ੀ ਨੌਕਰੀਆਂ ਨਿਕਲੀਆਂ ਹਨ। ਉਸ ਦੇ ਝਾਂਸੇ ਵਿਚ ਹੁਸ਼ਿਆਰਪੁਰ ਤੋਂ ਇਲਾਵਾ ਜਲੰਧਰ ਅਤੇ ਕਪੂਰਥਲਾ ਦੇ ਕਰੀਬ ਪੌਣੇ ਪੰਜ ਸੌ ਲੋਕ ਆ ਗਏ। ਨੌਕਰੀ ਦੇ ਲਾਲ ਵਿਚ ਆ ਕੇ ਲੋਕਾਂ ਨੇ 45-45 ਹਜ਼ਾਰ ਰੁਪਏ ਸੁਰਜੀਤ ਸਿੰਘ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਸੁਰਜੀਤ ਸਿੰਘ ਨੇ ਤੈਅਸ਼ੁਦਾ ਸਮੇਂ 'ਚ ਉਨ੍ਹਾਂ ਨੂੰ ਵੀਜ਼ਾ ਅਤੇ ਟਿਕਟਾਂ ਨਹੀਂ ਦਿੱਤੀਆਂ। ਜ਼ੋਰ ਪਾਉਣ 'ਤੇ ਉਸ ਨੇ ਜਿਹੜਾ ਵੀਜ਼ਾ ਤੇ ਟਿਕਟਾਂ ਦਿੱਤੀਆਂ, ਸਾਰੀਆਂ ਜਾਅਲੀ ਨਿਕਲੀਆਂ। ਇਸ ਤੋਂ ਬਾਅਦ ਲੋਕਾਂ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਉਹ ਸਾਰੇ ਠੱਗੀ ਦਾ ਸ਼ਿਕਾਰ ਹੋ ਗਏ ਹਨ। ਅਨੁਮਾਨ ਮੁਤਾਬਿਕ ਉਸ ਨੇ ਕਰੀਬ ਦੋ ਕਰੋੜ, 13 ਲੱਖ ਰੁਪਏ ਲੋਕਾਂ ਤੋਂ ਠੱਗੇ ਹਨ।