ਮਾਸਕੋ ‘ਚ 133 ਸਾਲ ਪਿੱਛੋਂ ਦਸੰਬਰ ਸਭ ਤੋਂ ਵੱਧ ਗਰਮ

by

ਮਾਸਕੋ: ਮਾਸਕੋ ਵਾਸੀ ਹੈਰਾਨ ਹਨ ਕਿ ਇਸ ਸਾਲ ਸਰਦੀਆਂ ਕਿਥੇ ਚਲੀਆਂ ਗਈਆਂ। ਦਸੰਬਰ ਵਿਚ ਹਰ ਸਾਲ ਰੂਸ ਦੀ ਰਾਜਧਾਨੀ ਬਰਫ਼ ਨਾਲ ਢੱਕੀ ਰਹਿੰਦੀ ਹੈ ਪ੍ਰੰਤੂ ਇਸ ਸਾਲ ਦਸੰਬਰ ਦਾ ਮਹੀਨਾ ਇਥੇ 133 ਸਾਲਾਂ ਵਿਚ ਸਭ ਤੋਂ ਵੱਧ ਗਰਮ ਹੈ।

ਇਕ ਪੈਨਸ਼ਨਭੋਗੀ ਲੁਦਮਿਲਾ ਬਿਰਯੂਕੋਵਾ ਨੇ ਕਿਹਾ ਕਿ ਇਹ ਸਾਡੀਆਂ ਸਰਦੀਆਂ ਨਹੀਂ ਹਨ। ਇਹ ਕਿਤੇ ਹੋਰ ਤੋਂ ਆਈਆਂ ਹਨ। ਮਾਸਕੋ ਵਿਚ ਹਰ ਸਾਲ ਇਨ੍ਹਾਂ ਦਿਨਾਂ ਵਿਚ ਜਦੋਂ ਬਰਫ਼ ਦੀ ਚਾਦਰ ਵਿਛੀ ਹੁੰਦੀ ਹੈ ਅਤੇ ਇਮਾਰਤਾਂ ਨਾਲ ਬਰਫ਼ ਦੀਆਂ ਲੜੀਆਂ ਲਟਕ ਰਹੀਆਂ ਹੁੰਦੀਆਂ ਹਨ ਤਾਂ ਇਸ ਸਾਲ 18 ਦਸੰਬਰ ਨੂੰ ਤਾਪਮਾਨ ਛੇ ਡਿਗਰੀ ਸੈਲਸੀਅਸ ਰਿਹਾ।

ਫਾਰਬੋਸ ਮੌਸਮ ਕੇਂਦਰ ਦੀ ਏਲਨਾ ਵੋਸੋਲਿਯੂਕ ਨੇ ਦੱਸਿਆ ਕਿ ਪਿਛਲੀ ਵਾਰ ਦਸੰਬਰ ਮਹੀਨੇ ਵਿਚ ਮਾਸਕੋ ਏਨਾ ਗਰਮ 18 ਦਸੰਬਰ, 1886 ਨੂੰ ਸੀ ਜਦੋਂ ਤਾਪਮਾਨ 5.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਰੂਸੀ ਮੌਸਮ ਵਿਭਾਗ ਮੁਤਾਬਿਕ ਸਧਾਰਣ ਤੌਰ 'ਤੇ 18 ਦਸੰਬਰ ਨੂੰ ਤਾਪਮਾਨ -6.2 ਡਿਗਰੀ ਸੈਲਸੀਅਸ ਹੁੰਦਾ ਹੈ। ਮਾਸਕੋ ਵਿਚ ਇਹ ਬੇਮੌਸਮੀ ਗਰਮੀ ਐਟਲਾਂਟਿਕ ਮਹਾਸਾਗਰ ਵੱਲੋਂ ਆਈ ਹੈ ਅਤੇ ਇਸ ਵਾਰ ਨਵੇਂ ਸਾਲ ਦੀਆਂ ਛੁੱਟੀਆਂ ਵਿਚ ਬਰਫ਼ਬਾਰੀ ਦਾ ਨਹੀਂ ਸਗੋਂ ਬਾਰਿਸ਼ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਗਿਆ ਹੈ।

ਮੌਸਮ 'ਚ ਆਏ ਇਸ ਬਦਲਾਅ ਤੋਂ ਲੋਕ ਹੀ ਨਹੀਂ ਸਗੋਂ ਬੂਟੇ ਵੀ ਹੈਰਾਨ ਹਨ। ਮਾਸਕੋ ਸਟੇਟ ਯੂਨੀਵਰਸਿਟੀ ਦੇ ਮੁੱਖ ਮਾਲੀ ਏਂਟਨ ਡੁਬੀਨਿਯੂਕ ਨੇ ਦੱਸਿਆ ਕਿ ਬੂਟੇ ਵੀ ਇਸ ਗਰਮ ਮੌਸਮ ਤੋਂ ਧੋਖਾ ਖਾ ਗਏ ਹਨ ਅਤੇ ਉਨ੍ਹਾਂ ਨੇ ਮੰਨ ਲਿਆ ਹੈ ਕਿ ਬਸੰਤ ਆ ਚੁੱਕਾ ਹੈ। ਜਦੋਂ ਸਰਦੀਆਂ ਆਉਣਗੀਆਂ ਤਾਂ ਇਹ ਫੁੱਲ ਝੜ ਜਾਣਗੇ। ਲਿਹਾਜ਼ਾ ਸਪੱਸ਼ਟ ਹੈ ਕਿ ਬਸੰਤ ਵਿਚ ਇਹ ਫੁੱਲ ਨਹੀਂ ਖਿੜਨਗੇ। ਬਾਗ ਵਿਚ ਟਹਿਲਦਿਆਂ ਉਨ੍ਹਾਂ ਦੱਸਿਆ ਕਿ ਮੈਂ ਇਥੇ ਹੀ ਪੈਦਾ ਹੋਇਆ ਹਾਂ ਅਤੇ ਪੂਰੀ ਜ਼ਿੰਦਗੀ ਇਥੇ ਬਿਤਾਈ ਹੈ। ਅਸੀਂ ਵਾਸਤਵਿਕ ਸਰਦੀਆਂ ਤੋਂ ਜਾਣੂ ਹਾਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।