ਚੋਣ ਪ੍ਰਚਾਰ ਲਈ ਆਏ ਜ਼ਿਲੇ ਤੋਂ ਬਾਹਰਲੇ ਵਿਅਕਤੀਆਂ ਨੂੰ ਜ਼ਿਲਾ ਛੱਡਣ ਦੇ ਆਦੇਸ਼

by

ਕਪੂਰਥਲਾ : ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਡੀ. ਪੀ. ਐਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਮਿਤੀ 17 ਮਈ 2019 ਸ਼ਾਮ 6 ਵਜੇ ਤੋਂ ਮਿਤੀ 19 ਮਈ 2019 ਸ਼ਾਮ 6 ਵਜੇ ਤੱਕ ਸਾਰੇ ਦਿਨਾਂ ਲਈ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ/ਇਕੱਠੇ ਚੱਲਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਮਤਦਾਨ ਖ਼ਤਮ ਹੋਣ ਤੋਂ ਪਹਿਲਾਂ 48 ਘੰਟਿਆਂ ਦੌਰਾਨ ਡੋਰ-ਟੂ-ਡੋਰ ਅਤੇ ਹਾਊਸ-ਟੂ-ਹਾਊਸ ਪ੍ਰਚਾਰ ਕਰਨ 'ਤੇ ਰੋਕ ਨਹੀਂ ਹੋਵੇਗੀ।

ਇਸੇ ਤਰਾਂ ਚੋਣ ਪ੍ਰਚਾਰ ਲਈ ਨਿਰਧਾਰਤ ਸਮਾਂ ਸੀਮਾ ਤੋਂ ਤੁਰੰਤ ਬਾਅਦ ਜ਼ਿਲਾ ਕਪੂਰਥਲਾ ਵਿਚ ਰਾਜਨੀਤਿਕ/ਪਾਰਟੀ ਵਰਕਰ/ਚੋਣ ਪ੍ਰਚਾਰਕ/ਜਲਸਾ ਪ੍ਰਚਾਰਕ ਆਦਿ, ਜਿਹੜੇ ਕਿ ਬਾਹਰੋਂ ਆਏ ਵਿਅਕਤੀ ਹਨ ਅਤੇ ਜ਼ਿਲਾ ਕਪੂਰਥਲਾ ਦੇ ਵੋਟਰ ਨਹੀਂ ਹਨ, ਉਹ ਜ਼ਿਲਾ ਕਪੂਰਥਲਾ ਵਿਚ ਮੌਜੂਦ ਨਹੀਂ ਰਹਿਣਗੇ, ਕਿਉਂਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉਨਾਂ ਦੀ ਮੌਜੂਦਗੀ ਨਿਰਪੱਖ ਮਤਦਾਨ ਪ੍ਰਕਿਰਿਆ ਵਿਚ ਖਲਲ ਪੈਦਾ ਕਰ ਸਕਦੀ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਕਪੂਰਥਲਾ ਜ਼ਿਲੇ ਵਿਚ ਲੋਕ ਸਭਾ ਚੋਣਾਂ ਲਈ ਪੋਲਿੰਗ ਮਿਤੀ 19 ਮਈ 2019 ਨੂੰ ਹੋ ਰਹੀ ਹੈ।

ਇਸ ਸਬੰਧ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪਰੋਸੀਜ਼ਰ ਦੇ ਚੈਪਟਰ 2 ਦੇ ਸੈਕਸ਼ਨ 1 ਅਨੁਸਾਰ ਮਤਦਾਨ ਮੁਕੰਮਲ ਹੋਣ ਤੋਂ ਪਹਿਲਾਂ 48 ਘੰਟਿਆਂ ਦੌਰਾਨ ਅਣ-ਅਧਿਕਾਰਤ ਇਕੱਤਰਤਾ ਅਤੇ ਜਨਤਕ ਬੈਠਕਾਂ 'ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ।ਕਿਸੇ ਵੀ ਪਬਲਿਕ ਸਥਾਨ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਜਾਂ ਕਿਸੇ ਵੀ ਕਿਸਮ ਦਾ ਜਲੂਸ ਕੱਢਣ ਨਾਲ ਲੋਕ ਰੱਖਿਆ ਅਤੇ ਆਮ ਵਿਵਸਥਾ ਦੀ ਬਰਕਰਾਰੀ ਲਈ ਕੋਈ ਕਾਰਵਾਈ ਕਰਨੀ ਜ਼ਰੂਰੀ ਹੈ।