PAU ‘ਚ ਆਉਂਦੇ ਵਿੱਦਿਅਕ ਵਰ੍ਹੇ ਤੋਂ ਇੰਟਰੀਅਰ ਡਿਜ਼ਾਇਨ ਅਤੇ ਡੈਕੋਰੇਸ਼ਨ ਦਾ ਸਰਟੀਫ਼ਿਕੇਟ ਕੋਰਸ ਹੋਵੇਗਾ ਸ਼ੁਰੂ

by jagjeetkaur

ਲੁਧਿਆਣਾ : ਮੌਜੂਦਾ ਸਮੇਂ ਵਿਚ ਘਰਾਂ ਅਤੇ ਹੋਰ ਸੰਸਥਾਨਾਂ ਨੂੰ ਅੰਦਰੂਨੀ ਤੌਰ ਤੇ ਸਜਾਉਣ ਅਤੇ ਸੰਵਾਰਨ ਦੀ ਰੁਚੀ ਵਧੀ ਹੈ ਇਸਲਈ ਮਾਹਿਰ ਡਿਜ਼ਾਇਨਰਾਂ ਅਤੇ ਡੈਕੋਰੇਸ਼ਨ ਮਾਹਿਰਾਂ ਦੀ ਮੰਗ ਵਧੀ ਹੈ। ਇਸੇ ਮੰਗ ਦੇ ਮੱਦੇਨਜ਼ਰ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿਚ ਸਥਾਪਿਤ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਆਉਂਦੇ ਵਿਦਿਅਕ ਵਰ੍ਹੇ 2024-25 ਤੋਂ ਇੰਟਰੀਅਰ ਡਿਜ਼ਾਈਨ ਅਤੇ ਡੈਕੋਰੇਸ਼ਨ ਵਿਸ਼ੇ ਤੇ ਇਕ ਸਾਲਾ ਸਰਟੀਫਿਕੇਟ ਕੋਰਸ ਆਰੰਭ ਕਰਨ ਜਾ ਰਿਹਾ ਹੈ।

ਇਹ ਕੋਰਸ ਵਿਸ਼ੇ ਬਾਰੇ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਸਿਖਿਆਰਥੀ ਨੂੰ ਹੱਥੀਂ ਕੰਮ ਕਰਨ ਦਾ ਤਜਰਬਾ ਅਤੇ ਲੋੜੀਂਦੀ ਮੁਹਾਰਤ ਨਾਲ ਭਰਪੂਰ ਕਰਨ ਦਾ ਯਤਨ ਹੈ| ਇਸ ਕੋਰਸ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਦੀ ਵਿਉਂਤਬੰਦੀ ਅਤੇ ਸਾਜ ਸੱਜਾ ਦੇ ਨਾਲ-ਨਾਲ ਕਲਾ ਅਤੇ ਕਰਾਫਟ ਤੋਂ ਇਲਾਵਾ ਫੁੱਲਦਾਰ ਸਾਜ ਸੱਜਾ ਅਤੇ ਫਰਨੀਚਰ ਰਾਹੀਂ ਇਮਾਰਤ ਨੂੰ ਸੰਵਾਰਨ ਦੀ ਸਿੱਖਿਆ ਦਿੱਤੀ ਜਾਵੇਗੀ।

ਇਸ ਕੋਰਸ ਦਾ ਮੁੱਖ ਧਿਆਨ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਵੱਲ ਕੇਂਦਰਿਤ ਰਹੇਗਾ| ਇਸ ਸਰਟੀਫਿਕੇਟ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਕਲਾ ਅਤੇ ਸ਼ਿਲਪ ਸਕੂਲ, ਫੁੱਲਾਂ ਦੀ ਦੁਕਾਨ ਸ਼ੁਰੂ ਕਰ ਸਕਦੇ ਹਨ ਜਾਂ ਇੰਟਰੀਅਰ ਡੈਕੋਰੇਟਰ ਬਣ ਕੇ ਸਮੇਂ ਅਤੇ ਸਮਾਜ ਦੀ ਮੰਗ ਅਨੁਸਾਰ ਸਵੈ ਨਿਰਭਰ ਹੋ ਸਕਦੇ ਹਨ।