ਬਿਨਾਂ ਪਾਸਪੋਰਟ ਇੱਕ ਸਾਲ ਤੱਕ ਕਰਤਾਰਪੁਰ ਆ ਸਕਣਗੇ ਸ਼ਰਧਾਲੂ : ਪਾਕਿ ਵਿਦੇਸ਼ ਮੰਤਰਾਲਾ

by mediateam

ਇਸਲਾਮਾਬਾਦ (Vikram Sehajpal) : ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਲਿਆਉਣ ਦੀ ਛੋਟ ਹੈ ਅਤੇ ਉਹ ਅਗਲੇ ਇਕ ਸਾਲ ਲਈ ਬਿਨਾਂ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣਗੇ।ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਇਹ ਫੈਸਲਾ ਸੰਗਤ ਲਈ ਸਦਭਾਵਨਾ ਦੇ ਸੰਕੇਤ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਇਸ ਸਾਲ 12 ਨਵੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਕੋਈ ਮਜਬੂਰੀ ਨਹੀਂ ਹੋਵੇਗੀ ਪਰ ਇਸ ਦੇ ਬਾਅਦ ਸੈਨਾ ਦੇ ਬੁਲਾਰੇ ਨੇ ਇੱਕ ਬਿਆਨ ਦਿੱਤਾ ਕਿ ਕਰਤਾਰਪੁਰ ਆਉਣ ਵਾਲੇ ਸ਼ਰਧਾਲੂਆਂ ਨੂੰ ਨਾਲ ਇੱਕ ਪਾਸਪੋਰਟ ਲਿਆਉਣਾ ਪਵੇਗਾ।

ਪਾਕਿਸਤਾਨ ਵਿਦੇਸ਼ ਮੰਤਰਾਲੇ ਬੁਲਾਰੇ ਡਾ: ਮੁਹੰਮਦ ਫੈਸਲ ਨੇ ਕਿਹਾ ਕਿ ਇਸ ਸਾਲ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਨਾਲ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਪੂਰੇ ਇੱਕ ਸਾਲ ਤੱਕ ਇਸ ਤੋਂ ਛੋਟ ਦਿੱਤੀ ਜਾਵੇਗੀ।ਪਾਕਿ ਸੈਨਾ ਦੇ ਮੀਡੀਆ ਵਿੰਗ ਦੇ ਮੁਖੀ ਮੇਜਰ ਜਨਰਲ ਆਸਿਫ ਗ਼ਫੂਰ ਨੇ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਸੀ ਕਿ ਸੁਰੱਖਿਆ ਲਈ ਇਹ ਜ਼ਰੂਰੀ ਹੈ। ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।ਬੁਲਾਰੇ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਬਾਅਦ 9 ਅਤੇ 10 ਨਵੰਬਰ ਨੂੰ ਸ਼ਰਧਾਲੂਆਂ ਨੂੰ 20 ਡਾਲਰ ਦੀ ਸੇਵਾ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸਦਭਾਵਨਾ ਤਹਿਤ ਦਸ ਦਿਨ ਪਹਿਲਾਂ ਯਾਤਰਾ ਲਈ ਜਾਣੂ ਕਰਵਾਉਣ ਦੀ ਲੋੜ ਨੂੰ ਵੀ ਖ਼ਤਮ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਆਉਣ ਲਈ ਵੀਜ਼ਾ ਜਾਰੀ ਕੀਤਾ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੀ ਇੱਛੁਕ ਹੈ। ਸਦੀਆਂ ਤੋਂ ਪਾਕਿਸਤਾਨ ਪ੍ਰਾਚੀਨ ਸੱਭਿਅਤਾਵਾਂ ਦਾ ਕੇਂਦਰ ਰਿਹਾ ਹੈ। ਹੁਣ ਦੇਸ਼ ਵਿਚ ਹਿੰਦੂ ਅਤੇ ਬੋਧੀ ਸਥਾਨਾਂ ਨੂੰ ਵਿਕਸਤ ਕਰਨ ਉੱਤੇ ਜ਼ੋਰ ਰਹੇਗਾ।ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਰਾਹੀਂ ਖਾਲਿਸਤਾਨ ਲਹਿਰ ਨੂੰ ਉਤਸ਼ਾਹਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੀਤੀ ਵਿੱਚ ਅਜਿਹੀ ਕੋਈ ਨਕਾਰਾਤਮਕਤਾ ਨਹੀਂ ਹੈ। ਕਰਤਾਰਪੁਰ ਲਾਂਘੇ ਦਾ ਪ੍ਰਾਜੈਕਟ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲ ਹੈ ਜਿਸ ਨੂੰ ਭਾਰਤ ਨੇ ਮਨਜ਼ੂਰ ਕਰ ਲਿਆ ਸੀ”|