IPL T20 : ਵਿਰਾਟ ਕੋਹਲੀ ਨੇ ਧੋਨੀ ਨੂੰ 1 ਦੌੜ ਨਾਲ ਹਰਾਇਆ

by

ਬੈਂਗਲੁਰੂ (ਵਿਕਰਮ ਸਹਿਜਪਾਲ) : ਮਹਿੰਦਰ ਸਿੰਘ ਧੋਨੀ ਦੀ ਆਪਣੇ ਸਦਾਬਹਾਰ ਅੰਦਾਜ਼ ਵਿਚ ਖੇਡੀ ਗਈ ਅਜੇਤੂ 84 ਦੌੜਾਂ ਦੀ ਪਾਰੀ ਦੇ ਬਾਵਜੂਦ ਰਾਇਲ ਚੈਲੰਜ਼ਰਜ਼ ਬੈਂਗਲੁਰੂ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਆਈ. ਪੀ. ਐੱਲ. ਮੈਚ ਵਿਚ ਚੇਨਈ ਸੁਪਰ ਕਿੰਗਜ਼ ਇਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਧੋਨੀ ਨੇ ਆਪਣੀ 48 ਗੇਂਦਾਂ ਦੀ ਪਾਰੀ ਵਿਚ 5 ਚੌਕੇ ਤੇ 7 ਛੱਕੇ ਲਾਏ। ਉਸ ਨੇ ਅਜਿਹੇ ਸਮੇਂ ਕ੍ਰੀਜ਼ 'ਤੇ ਪੈਰ ਰੱਖਿਆ ਸੀ, ਜਦੋਂ ਚੇਨਈ  6ਵੇਂ ਓਵਰ ਵਿਚ 4 ਵਿਕਟਾਂ 'ਤੇ 28 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ। ਧੋਨੀ ਨੇ ਇਸ ਤੋਂ ਬਾਅਦ ਆਪਣੇ ਦਮ 'ਤੇ ਟੀਮ ਨੂੰ ਟੀਚੇ ਦੇ ਨੇੜੇ ਪਹੁੰਚਾਇਆ। 

ਚੇਨਈ ਨੂੰ ਆਖਰੀ ਓਵਰ ਵਿਚ 26 ਦੌੜਾਂ ਦੀ ਲੋੜ ਸੀ। ਧੋਨੀ ਨੇ ਉਮੇਸ਼ ਯਾਦਵ ਦੀਆਂ ਪਹਿਲੀਆਂ ਪੰਜ ਗੇਂਦਾਂ 'ਤੇ ਪਹਿਲਾ ਚੌਕਾ, ਫਿਰ ਦੋ ਛੱਕੇ, ਦੋ ਦੌੜਾਂ ਤੇ ਫਿਰ ਇਕ ਛੱਕਾ ਲਾਇਆ ਪਰ ਉਸਦੀ ਆਖਰੀ ਗੇਂਦ 'ਤੇ ਖੁੰਝਣ ਨਾਲ ਬੈਂਗਲੁਰੂ ਦੀ ਆਈ. ਪੀ. ਐੱਲ. ਵਿਚ ਉਮੀਦਾਂ ਬਣੀਆਂ ਰਹੀਆਂ। ਚੇਨਈ ਨੇ 8 ਵਿਕਟਾਂ 'ਤੇ 160 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ ਕਰਦਿਆਂ ਪਾਰਥਿਵ ਪਟੇਲ (37 ਗੇਂਦਾਂ 'ਤੇ 53 ਦੌੜਾਂ, 2 ਚੌਕੇ ਤੇ 4 ਛੱਕੇ) ਦੇ ਅਰਧ ਸੈਂਕੜੇ ਤੇ ਮੋਇਨ ਅਲੀ (16 ਗੇਂਦਾਂ 'ਤੇ 26 ਦੌੜਾਂ) ਦੇ ਆਖਰੀ ਪਲਾਂ ਦੀ ਤੇਜ਼-ਤਰਾਰ ਪਾਰੀ ਨਾਲ 7 ਵਿਕਟਾਂ 'ਤੇ 161 ਦੌੜਾਂ ਬਣਾਈਆਂ ਸਨ। 

ਚੇਨਈ ਦੀ ਇਹ 10 ਮੈਚਾਂ ਵਿਚੋਂ ਤੀਜੀ ਹਾਰ ਹੈ, ਜਦਕਿ ਬੈਂਗਲੁਰੂ ਦੀ ਇੰਨੇ ਹੀ ਮੈਚਾਂ ਵਿਚੋਂ ਤੀਜੀ ਜਿੱਤ ਹੈ। ਚੇਨਈ ਅਜੇ ਵੀ ਚੋਟੀ 'ਤੇ ਹੈ ਤੇ ਬੈਂਗਲੁਰੂ ਸਭ ਤੋਂ ਹੇਠਲੇ ਸਥਾਨ 'ਤੇ ਹੈ। ਬੈਂਗਲੁਰੂ ਨੂੰ ਡੇਲ ਸਟੇਨ (29 ਦੌੜਾਂ 'ਤੇ 2 ਵਿਕਟਾਂ) ਤੇ ਉਮੇਸ਼ ਯਾਦਵ (47 ਦੌੜਾਂ 'ਤੇ 2 ਵਿਕਟਾਂ) ਨੇ ਸ਼ੁਰੂ ਵਿਚ ਸਫਲਤਾਵਾਂ ਦਿਵਾਈਆਂ।