Sensex 1000 ਅੰਕ ਉਛਲਿਆ, ਨਿਵੇਸ਼ਕਾਂ ਨੂੰ 4 ਲੱਖ ਕਰੋੜ ਦਾ ਫਾਇਦਾ

by jaskamal

ਨਿਊਜ਼ ਡੈਸਕ : ਸਕਾਰਾਤਮਕ ਗਲੋਬਲ ਸੰਕੇਤਾਂ ਦਰਮਿਆਨ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਹੋਲੀ ਦੀ ਸ਼ੁਰੂਆਤ ਕੀਤੀ। ਨਿਫਟੀ ਦੇ 50 'ਚੋਂ 48 ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਸੈਂਸੇਕਸ ਦੇ ਸਾਰੇ 30 ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਦੇ ਸਾਰੇ 12 ਸਟਾਕਾਂ 'ਚ ਖਰੀਦਦਾਰੀ ਉਪਲਬਧ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੇਕਸ 820 ਅੰਕ ਜਾਂ 1.44 ਫੀਸਦੀ ਦੇ ਵਾਧੇ ਨਾਲ 57,636 'ਤੇ ਖੁੱਲ੍ਹਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 228 ਅੰਕ ਜਾਂ 1.34 ਫੀਸਦੀ ਦੇ ਉਛਾਲ ਨਾਲ 17203 'ਤੇ ਖੁੱਲ੍ਹਿਆ।

ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1676 ਦੇ ਕਰੀਬ ਸ਼ੇਅਰ ਵਧੇ, 331 ਸ਼ੇਅਰਾਂ 'ਚ ਗਿਰਾਵਟ ਤੇ 66 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਬੁੱਧਵਾਰ ਨੂੰ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸੀ ਅਤੇ ਦਿਨ ਭਰ ਵਾਧੇ ਦੇ ਨਾਲ ਕਾਰੋਬਾਰ ਕਰਦੇ ਹੋਏ ਮਜ਼ਬੂਤੀ ਨਾਲ ਬੰਦ ਹੋਇਆ ਸੀ। ਬੀਐੱਸਈ ਦਾ ਸੈਂਸੇਕਸ ਸੂਚਕ ਅੰਕ 1039 ਅੰਕ ਜਾਂ 1.86 ਫੀਸਦੀ ਦੇ ਵਾਧੇ ਨਾਲ 56,817 'ਤੇ ਬੰਦ ਹੋਇਆ, ਜਦਕਿ ਐੱਨਐੱਸਈ ਦਾ ਨਿਫਟੀ ਸੂਚਕਾਂਕ 312 ਅੰਕ ਜਾਂ 1.87 ਫੀਸਦੀ ਦੇ ਵਾਧੇ ਨਾਲ 16,975 'ਤੇ ਬੰਦ ਹੋਇਆ। ਇਸ ਦੇ ਸਾਰੇ 30 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।

ਸਭ ਤੋਂ ਜ਼ਿਆਦਾ ਫਾਇਦਾ ਬੈਂਕਿੰਗ ਸ਼ੇਅਰਾਂ 'ਚ ਦੇਖਣ ਨੂੰ ਮਿਲਿਆ ਹੈ। ਇਸ ਨਾਲ BSE 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਵੀ ਵਧ ਕੇ 260 ਲੱਖ ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਕਾਰੋਬਾਰੀ ਦਿਨ ਇਹ 256 ਲੱਖ ਕਰੋੜ ਰੁਪਏ ਸੀ। ਯਾਨੀ ਅੱਜ ਦੇ ਉਛਾਲ ਕਾਰਨ ਨਿਵੇਸ਼ਕਾਂ ਦੀ ਦੌਲਤ ਵਿੱਚ 4 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਿਰਫ ਦੋ ਦਿਨਾਂ 'ਚ ਹੀ ਮਾਰਕਿਟ ਕੈਪ 'ਚ 8 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।