ਕੈਨੇਡੀਅਨਾਂ ਲਈ ‘ਕਿੰਗ ਮੇਕਰ’ ਬਣਿਆ ਪੰਜਾਬ ਦਾ ਸਿੰਘ

by mediateam

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਜਗਮੀਤ ਸਿੰਘ ਦੇ ਕਿੰਗ ਮੇਕਰ ਬਣਨ ਨਾਲ ਜਿੱਥੇ ਪੂਰੀ ਸਿੱਖ ਕੌਮ ਅਤੇ ਪੰਜਾਬੀਆਂ ਵਿਚ ਖੁਸ਼ੀ ਦਾ ਮਾਹੌਲ ਹੈ ਉੱਥੇ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਜਸ਼ਨ ਮਨਾਏ ਜਾ ਰਹੇ ਹਨ। ਪਿੰਡ ਵਾਸੀਆਂ ਵੱਲੋਂ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਦੀਵਾਲੀ ਤੋਂ ਪਹਿਲਾਂ ਹੀ ਠੀਕਰੀਵਾਲਾ ਪਿੰਡ ਵਿੱਚ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ। 

ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਤੌਰ ਉੱਤੇ ਬਹੁਮਤ ਨਹੀਂ ਮਿਲਿਆ ਜਿਸ ਕਰਕੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਦਾ ਸਮਰਥਨ ਲੈਣਾ ਪਵੇਗਾ ਜਿਸ ਕਰਕੇ ਕੈਨੇਡਾ ਦੀ ਸਰਕਾਰ ਚਲਾਉਣ ਵਿੱਚ ਜਗਮੀਤ ਸਿੰਘ ਦਾ ਬਹੁਤ ਵੱਡੀ ਭੂਮਿਕਾ ਹੋਵੇਗੀ।

ਦੱਸ ਦਈਏ ਕਿ ਜਗਮੀਤ ਸਿੰਘ ਭਾਰਤ ਦੀ ਆਜ਼ਾਦੀ ਲਈ ਅੱਗੇ ਹੋ ਕੇ ਸੰਘਰਸ਼ ਲੜਨ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਜਿਸ ਕਰਕੇ ਠੀਕਰੀਵਾਲਾ ਪਿੰਡ ਦੇ ਲੋਕ ਜਗਮੀਤ ਸਿੰਘ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਮਨਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦ ਸੇਵਾ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੜਪੋਤੇ ਜਗਮੀਤ ਸਿੰਘ ਨੇ ਹੁਣ ਪਿੰਡ ਠੀਕਰੀਵਾਲਾ ਨੂੰ ਮੁੜ ਦੁਨੀਆਂ ਦੇ ਨਕਸ਼ੇ ਉੱਤੇ ਲਿਆਂਦਾ ਹੈ।