ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਲਈ 'ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ' ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਪੂਰਥਲਾ ਜ਼ਿਲੇ ਵਿਚ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਅੱਜ ਸਿਵਲ ਹਸਪਤਾਲ ਦੇ ਟ੍ਰੇਨਿੰਗ ਹਾਲ ਵਿਖੇ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸ. ਸਤਨਾਮ ਸਿੰਘ, ਆਰ. ਆਈ. ਆਰ ਸਰਟੀਫਿਕੇਸ਼ਨ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਨਵਰ ਮੁਹੰਮਦ ਅਤੇ ਡਾਇਰੈਕਟਰ ਸ੍ਰੀ ਤਰੁਨ ਸ਼ਰਮਾ ਹਾਜ਼ਰ ਸਨ। ਅੱਜ ਉਦਘਾਟਨੀ ਟ੍ਰੇਨਿੰਗ ਸੈਸ਼ਨ ਵਿਚ 44 ਕਾਰੋਬਾਰੀਆਂ ਨੇ ਭਾਗ ਲਿਆ, ਜਿਨਾਂ ਨੂੰ ਫੂਡ ਸੇਫਟੀ ਐਕਟ, ਸਾਫ਼-ਸਫ਼ਾਈ, ਵਸਤਾਂ ਤਿਆਰ ਕਰਨ ਅਤੇ ਪਰੋਸਣ ਦੇ ਸੁਚੱਜੇ ਢੰਗਾਂ, ਕੁਆਲਿਟੀ ਅਤੇ ਸ਼ੁੱਧਤਾ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। 

ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਕਾਰੋਬਾਰੀਆਂ ਲਈ ਚੰਗੀ ਕੁਆਲਿਟੀ ਦੀਆਂ ਵਸਤਾਂ ਤਿਆਰ ਕਰਨ ਅਤੇ ਵਿਕਰੀ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ। ਉਨਾਂ ਦੱਸਿਆ ਕਿ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਕੁਆਲਿਟੀ ਵਿਚ ਹੋਰ ਸੁਧਾਰ ਲਿਆਉਣ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਖਾਣ-ਪੀਣ ਵਾਲੀਆਂ ਵਸਤਾਂ ਨਾਲ ਕਾਰੋਬਾਰ ਕਰਨ ਵਿਚ ਸੁਧਾਰ ਲਿਆਉਣ ਲਈ ਅਤੇ ਕਾਰੋਬਾਰੀਆਂ ਨੂੰ ਹੁਨਰਮੰਦ ਬਣਾਉਣ ਲਈ ਇਹ ਬੀੜਾ ਚੁੱਕਿਆ ਹੈ ਤਾਂ ਜੋ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਾਫ-ਸੁਥਰੀਆ ਅਤੇ ਉੱਚ ਕੁਆਲਿਟੀ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਸਕਣ।

 ਉਨਾਂ ਦੱਸਿਆ ਕਿ ਇਸ ਟ੍ਰੇਨਿੰਗ ਉਪਰੰਤ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ਜੋ ਕਿ ਵਿਭਾਗੀ ਇੰਸਪੈਕਸ਼ਨ/ਫੂਡ ਲਾਇਸੰਸ ਲੈਣ ਸਮੇਂ ਵੀ ਸਾਰੇ ਅਦਾਰਿਆਂ ਲਈ ਸਹਾਈ ਸਿੱਧ ਹੋਵੇਗਾ। ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਨੇ ਇਸ ਮੌਕੇ  ਦੱਸਿਆ ਕਿ ਇਸ ਵਿਸ਼ੇਸ਼ ਟ੍ਰੇਨਿੰਗ ਦੀ  ਫੀਸ 600 ਰੁਪਏ ਰੱਖ ਗਈ ਹੈ, ਜਿਸ 'ਤੇ 18 ਫੀਸਦੀ ਜੀ. ਐਸ. ਟੀ ਵੱਖਰਾ ਹੈ। ਉਨਾਂ ਦੱਸਿਆ ਕਿ ਰੇਹੜੀ ਵਾਲਿਆਂ ਲਈ ਇਸ ਸਬੰਧੀ ਕੋਈ ਫੀਸ ਨਹੀਂ ਰੱਖੀ ਗਈ ਹੈ। ਉਨਾਂ ਦੱਸਿਆ ਕਿ ਟ੍ਰੇਨਿੰਗ ਹਾਸਲ ਕਰਨ ਵਾਲਿਆਂ ਨੂੰ ਐਪਰਨ ਅਤੇ ਕੈਪ ਵੀ ਦਿੱਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਹ ਟ੍ਰੇਨਿੰਗ ਰੋਜ਼ਾਨਾ 4-4 ਘੰਟੇ ਦੇ ਦੋ ਸੈਸ਼ਨਾਂ (ਸਵੇਰੇ 9 ਤੋਂ ਦੁਪਹਿਰ 1 ਅਤੇ ਦੂਪਹਿਰ 2 ਤੋਂ ਸ਼ਾਮ 6 ਵਜੇ ਤੱਕ) ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਆਰ. ਆਰ. ਸਰਟੀਫਿਕੇਸ਼ਨ ਪ੍ਰਾਈਵੇਟ ਲਿਮਟਿਡ, ਫੂਡ ਸੇਫਟੀ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਟ੍ਰੇਨਿੰਗ ਪਾਰਟਨਰ ਹੈ।