ਉਨ੍ਹਾਂ ਚੀਜਾਂ ਤੋਂ ਦੂਰ ਰਹੋ ਜੋ ਉਦਾਸੀ ਵੱਲ ਲੈ ਕੇ ਜਾਣ : ਸਿਵਲ ਸਰਜਨ

by mediateam

ਕਪੂਰਥਲਾ (ਇੰਦਰਜੀਤ ਸਿੰਘ) : ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਕਪੂਰਥਲਾ ਵੱਲੋਂ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਹਾਜਰ ਵਿਦਿਆਰਥੀਆਂ ਨੂੰ ਕਿਹਾ ਕਿ ਮਾਨਸਿਕ ਤੌਰ ਤੇ ਸਿਹਤਮੰਦ ਹੋਣਾ ਉਨ੍ਹਾਂ ਹੀ ਜਰੂਰੀ ਹੈ ਜਿਨ੍ਹਾਂ ਕਿ ਸ਼ਰੀਰਕ ਤੌਰ ਤੇ ਸਿਹਤਮੰਦ ਰਹਿਣਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਹਮੇਸ਼ਾ ਉਨ੍ਹਾਂ ਚੀਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੀਆਂ ਸਾਨੂੰ ਉਦਾਸੀ ਵੱਲ ਲੈ ਕੇ ਜਾਂਦੀਆਂ ਹਨ। ਉਨ੍ਹਾਂ ਜੋਰ ਦਿੱਤਾ ਕਿ ਅਜਿਹੀਆਂ ਗਤੀਵਿਧੀਆਂ ਕਰੋ ਜੋ ਖੁਸ਼ੀ ਦੇਣ। ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਛੋਟੇ ਛੋਟੇ ਖੁਸ਼ੀ ਦੇ ਪਲ ਜੀਵਨ ਵਿੱਚ ਸਕਾਰਾਤਮਕਤਾ ਲੈ ਕੇ ਆਉਂਦੇ ਹਨ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਕਿਹਾ ਕਿ ਇਸ ਦਿਨ ਨੂੰ ਮਣਾਉਣ ਦਾ ਉਦੇਸ਼ ਮਾਨਸਿਕ ਤੌਰ ਤੇ ਸਿਹਤਮੰਦ ਰਹਿਣ ਦੀ ਪ੍ਰੇਰਨਾ ਲੋਕਾਂ ਨੂੰ ਦੇਣਾ ਹੈ। ਉਨਾਂ ਦੱਸਿਆ ਕਿ ਸਹੀ ਸਮੇਂ ਤੇ ਇਲਾਜ ਤੇ ਕਾਊਂਸਲਿੰਗ ਨਾ ਮਿਲਣ ਦੇ ਚਲੱਦਿਆਂ ਇਹ ਬੀਮਾਰੀ ਵੱਧ ਜਾਂਦੀ ਹੈ ਤੇ ਮਾਨਸਿਕ ਤੌਰ ਤੇ ਬੀਮਾਰ ਵਿਅਕਤੀ ਆਤਮਹੱਤਿਆ ਦੀ ਰਾਹ ਤੇ ਵੀ ਤੁਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਇਸ ਬਾਰੇ ਖੁੱਲ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ। ਕਾਊਂਸਲਰ ਰਾਕੇਸ਼ ਸ਼ਰਮਾ ਨੇ ਕਿਸ਼ੋਰਅਵਸਥਾ ਵਿੱਚ ਆਉਣ ਵਾਲੇ ਮਾਨਸਿਕ ਬਦਲਾਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਨੌਜੂਆਨ ਵਰਗ ਤੇਜੀ ਨਾਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਜਿਸ ਦਾ ਕਾਰਣ ਸੋਸ਼ਲ ਮੀਡੀਆ ਦਾ ਜਰੂਰਤ ਤੋਂ ਜਿਆਦਾ ਪ੍ਰਯੋਗ ਤੇ ਪਦਾਰਥਵਾਦੀ ਸੋਚ ਦਾ ਵੱਧ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਣਾਅ ੮੦ ਫੀਸਦੀ ਬੀਮਾਰੀਆਂ ਨੂੰ ਜਨਮ ਦਿੰਦਾ ਹੈ।ਇਸ ਮੌਕੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਮੋਟੀਵੇਸ਼ਨਲ ਵੀਡੀਓਜ ਵੀ ਦਿਖਾਈਆਂ ਗਈਆਂ ਤੇ ਲਾਈਫ ਨੂੰ ਤਣਾਅਮੁਕਤ ਰੱਖਣ ਦੇ ਟਿਪਸ ਵੀ ਦਿੱਤੇ। ਇਸ ਮੌਕੇ ਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਡਾ. ਸੰਦੀਪ ਧਵਨ, ਡਾ. ਸੋਨੀਆ, ਰਜਨੀ ਤੇ ਹੋਰ ਹਾਜਰ ਸਨ।