ਟੂਰਨਾਮੈਂਟ ਜੇਤੂ ਖਿਡਾਰੀਆਂ ਨੂੰ ਮੁਰਗੇ ਤੇ ਸ਼ਰਾਬ ਦੀਆਂ ਬੋਤਲਾਂ ਦਾ ਇਨਾਮ

by mediateam

ਰੋਪੜ (ਇੰਦਰਜੀਤ ਸਿੰਘ) : ਇੱਕ ਪਾਸੇ ਜਦੋਂ ਪੰਜਾਬ ਵਾਸੀ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਬੰਦ ਕਰਨ ਲਈ ਆਪੋ-ਆਪਣੇ ਤਰੀਕਿਆਂ ਨਾਲ ਨੌਜਵਾਨਾਂ ਨੂੰ ਖੇਡਾਂ, ਕਬੱਡੀ, ਕੁਸ਼ਤੀ ਦੰਗਲਾਂ ਰਾਹੀਂ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰ ਰਹੇ ਹਨ, ਪਰੰਤੂ ਦੂਜੇ ਪਾਸੇ ਜੇਤੂ ਖਿਡਾਰੀਆਂ ਨੂੰ ਮੁਰਗੇ ਤੇ ਸ਼ਰਾਬ ਦੀਆਂ ਬੋਤਲਾਂ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਸਬੰਧੀ ਪੂਰੇ ਜ਼ਿਲ੍ਹੇ ਵਿੱਚ ਹੀ ਇਸ਼ਤਿਹਾਰ ਲੱਗੇ ਹੋਏ ਹਨ। ਬੇਟ ਇਲਾਕੇ ਦੇ ਪਿੰਡ ਕਾਹਨਪੁਰ ਵਿਖੇ ਬਾਬਾ ਹਸਨ ਸ਼ਾਹ ਵੈੱਲਫੇਅਰ ਕਲੱਬ ਵਲੋਂ 21ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਥਾਂ-ਥਾਂ ਲੱਗੇ ਇਸ਼ਤਿਹਾਰਾਂ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ-ਨਾਲ ਮੁਰਗਾ ਫੜਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ।


ਮੁਰਗਾ ਫੜਨ ਵਾਲੇ ਦੀ ਉਮਰ 50 ਸਾਲ ਤੇ ਆਧਾਰ ਕਾਰਡ ਨਾਲ ਲਿਆਉਣਾ ਜ਼ਰੂਰੀ ਹੋਵੇਗਾ।ਘੱਟ ਸਮੇ ਵਿੱਚ ਮੁਰਗਾ ਫੜਨ ਵਾਲੇ ਨੂੰ 1100 ਰੁਪਏ ਨਕਦ, ਮੁਰਗਾ ਅਤੇ ਬੋਤਲ ਇਨਾਮ ਵਜੋਂ ਦਿੱਤੀ ਜਾਵੇਗੀ। ਜਦੋਂ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਨੂੰ ਫੋਨ 'ਤੇ ਮੁਰਗਾ ਫੜਨ ਵਾਲੇ ਨੂੰ ਪਹਿਲਾ ਇਨਾਮ ਦੇਣ ਬਾਰੇ ਪੁੱਛਿਆ ਤਾਂ ਅੱਗੋਂ ਉਨ੍ਹਾਂ ਬੜੀ ਖੁੱਲ੍ਹਦਿਲੀ ਨਾਲ ਸੰਤਰਾ ਦੇਸੀ ਅਤੇ ਚੰਡੀਗੜ੍ਹ ਦੀ ਸ਼ਰਾਬ ਦੀ ਥਾਂ ਪੰਜਾਬ ਦੀ ਵਧੀਆ ਕਵਾਲਿਟੀ ਦੀ ਸ਼ਰਾਬ ਦੀ ਬੋਤਲ ਦੇਣ ਬਾਰੇ ਕਿਹਾ। ਇਲਾਕੇ ਦੇ ਪਤਵੰਤਿਆਂ ਨੇ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟਾਂ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ।