ਅਮਰੀਕਾ : ਸੜਕ ਹਾਦਸੇ ‘ਚ 2 ਭਾਰਤੀ ਨੌਜਵਾਨਾਂ ਦੀ ਮੌਤ, ਭਾਰਤ ਆ ਰਹੀਆਂ ਨੇ ਦੇਹਾਂ

by mediateam

ਟੈਨੇਸੀ (Vikram Sehajpal) : ਸੜਕ ਦੁਰਘਟਨਾ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਇਹ ਘਟਨਾ ਅਮਰੀਕਾ ਦੇ ਟੈਨੇਸੀ ਰਾਜ ਦੇ ਸਾਊਥ ਨੈਸ਼ਵਿਲੇ ਵਿਚ ਵਾਪਰੀ। 23 ਸਾਲ ਦੀ ਜੂਡੀ ਸਟੇਨਲੀ ਤੇ 26 ਸਾਲਾ ਵੈਭਵ ਗੋਪੀਸ਼ੈਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਤੋਂ ਬੀਏ ਕਰ ਰਹੇ ਸਨ। ਦੋਵਾਂ ਦੇ ਜਮਾਤੀਆਂ ਨੇ ਭਾਰਤ ਵਿਚ ਉਨ੍ਹਾਂ ਦੇ ਸਸਕਾਰ ਲਈ 42 ਹਜ਼ਾਰ ਡਾਲਰ (ਕਰੀਬ 30 ਲੱਖ ਰੁਪਏ) ਤੋਂ ਜ਼ਿਆਦਾ ਦਾ ਫੰਡ ਇਕੱਠਾ ਕੀਤਾ ਹੈ।

ਦੱਸ ਦਈਏ ਕਿ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ 28 ਨਵੰਬਰ ਦੀ ਰਾਤ ਕਿਸੇ ਨੇ ਸਟੇਨਲੀ ਅਤੇ ਗੋਪੀਸ਼ੈਟੀ ਨੂੰ ਟੱਕਰ ਮਾਰੀ ਅਤੇ ਫਿਰ ਭੱਜ ਨਿਕਲਿਆ। ਮੈਟਰੋ ਨੈਸ਼ਵਿਲੇ ਪੁਲਿਸ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਇਸ ਹਾਦਸੇ ਵਿਚ ਸ਼ਾਮਲ ਪਿਕਅਪ ਟਰੱਕ ਦੇ ਮਾਲਕ ਡੇਵਿਡ ਟੋਰੇਸ (26) ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਟੋਰੇਸ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਉਸ ਦਾ ਡੀਐੱਨਏ ਨਮੂਨਾ ਲੈ ਲਿਆ ਗਿਆ ਹੈ। 

ਪੁਲਿਸ ਅਨੁਸਾਰ ਟੋਰੇਸ ਦੇ ਟਰੱਕ ਨੇ ਉਸ ਕਾਰ (ਨਿਸ਼ਾਨ ਸੈਂਟਰਾ) ਨੂੰ ਟੱਕਰ ਮਾਰੀ ਸੀ ਜਿਸ ਵਿਚ ਦੋਵੇਂ ਭਾਰਤੀ ਵਿਦਿਆਰਥੀ ਸਵਾਰ ਸਨ। ਟੀਵੀ ਚੈਨਲ ਨਿਊਜ਼ 9 ਮੁਤਾਬਿਕ ਪਿਕਅਪ ਟਰੱਕ ਤੇਜ਼ ਰਫ਼ਤਾਰ ਵਿਚ ਸੀ ਅਤੇ ਉਸ ਨੇ ਰੈੱਡ ਲਾਈਟ ਦਾ ਉਲੰਘਣ ਕਰਦੇ ਹੋਏ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਕਾਰ ਸੜਕ ਤੋਂ ਉਤਰ ਗਈ ਅਤੇ ਦਰੱਖਤ ਨਾਲ ਜਾ ਟਕਰਾਈ।