ਲੇਖਕ ਦਾ PM ਮੋਦੀ ਨੂੰ ‘ਡਿਵਾਇਡਰ ਇਨ ਚੀਫ਼’ ਦਸਣਾ ਪਿਆ ਮਹਿੰਗਾ, OCI ਕਾਰਡ ਹੋਇਆ ਰੱਦ

by mediateam

ਨਵੀਂ ਦਿੱਲੀ (Vikram Sehajpal) : ਯੂਕੇ ਦੇ ਜੰਮਪਲ ਲੇਖਕ ਆਤੀਸ਼ ਅਲੀ ਤਾਸੀਰ ਦਾ ‘ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ’ (ਓਸੀਆਈ) ਕਾਰਡ ਵਾਪਸ ਲੈ ਲਿਆ ਗਿਆ ਹੈ। ਦਰਅਸਲ, ਉਨ੍ਹਾਂ ਨੇ ਕਥਿਤ ਤੌਰ 'ਤੇ ਇਸ ਤੱਥ ਨੂੰ ਲੁਕਾਇਆ ਸੀ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨੀ ਮੂਲ ਦੇ ਸਨ। ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਅਨੁਸਾਰ ਸਿਟੀਜ਼ਨਸ਼ਿਪ ਐਕਟ 1955 ਦੇ ਅਨੁਸਾਰ, ਤਾਸੀਰ ਓਸੀਆਈ ਕਾਰਡ ਲਈ ਅਯੋਗ ਹੋ ਗਏ ਹਨ, ਕਿਉਂਕਿ ਓਸੀਆਈ ਕਾਰਡ ਕਿਸੇ ਵੀ ਅਜਿਹੇ ਵਿਅਕਤੀ ਨੂੰ ਜਾਰੀ ਨਹੀਂ ਕੀਤਾ ਜਾਂਦਾ ਜਿਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਪਾਕਿਸਤਾਨੀ ਹੋਣ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਲੁਕਾ ਕੇ ਰੱਖਿਆ। 


ਬੁਲਾਰੇ ਨੇ ਕਿਹਾ ਕਿ ਤਾਸੀਰ ਸਪੱਸ਼ਟ ਤੌਰ ‘ਤੇ ਮੁੱਢਲੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਸੀ ਅਤੇ ਜਾਣਕਾਰੀ ਨੂੰ ਲੁਕਾ ਕੇ ਰੱਖਿਆ ਗਿਆ। ਸਿਟੀਜ਼ਨਸ਼ਿਪ ਐਕਟ ਦੇ ਅਨੁਸਾਰ, ਜੇ ਕਿਸੇ ਵਿਅਕਤੀ ਨੇ ਧੋਖਾਧੜੀ, ਫ਼ਰਜ਼ੀਵਾੜਾ ਜਾਂ ਤੱਥ ਛੁਪਾ ਕੇ ਓਸੀਆਈ ਕਾਰਡ ਪ੍ਰਾਪਤ ਕੀਤਾ ਹੈ, ਤਾਂ ਓਸੀਆਈ ਕਾਰਡ ਧਾਰਕ ਵਜੋਂ ਉਸ ਦੀ ਰਜਿਸਟਰੀਕਰਨ ਰੱਦ ਕੀਤੀ ਜਾਵੇਗੀ ਅਤੇ ਉਸ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ।ਇਸ ਦੇ ਨਾਲ ਹੀ, ਭਵਿੱਖ ਵਿੱਚ ਉਸ ਦੇ ਭਾਰਤ ਵਿੱਚ ਦਾਖਲ ਹੋਣ ‘ਤੇ ਵੀ ਪਾਬੰਦੀ ਲੱਗੇਗੀ। 

ਤਾਸੀਰ ਮਰਹੂਮ ਪਾਕਿਸਤਾਨੀ ਨੇਤਾ ਸਲਮਾਨ ਤਾਸੀਰ ਅਤੇ ਭਾਰਤੀ ਪੱਤਰਕਾਰ ਤਵਲੀਨ ਸਿੰਘ ਦੇ ਬੇਟੇ ਹਨ। ਬੁਲਾਰੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਰਕਾਰ ਟਾਈਮ ਪਤਰਿਕਾ ਵਿੱਚ ਲੇਖ ਲਿਖਣ ਤੋਂ ਬਾਅਦ ਤੋਂ ਹੀ ਆਤੀਸ਼ ਤਾਸੀਰ ਦੇ ਓਸੀਆਈ ਕਾਰਡ ਨੂੰ ਰੱਦ ਕਰਨ ‘ਤੇ ਵਿਚਾਰ ਕਰ ਰਹੀ ਸੀ। ਇਸ ਲੇਖ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਗਈ ਸੀ। ਇਸ ਦੇ ਨਾਲ ਹੀ, ਗ੍ਰਹਿ ਮੰਤਰਾਲੇ ਦੇ ਬਿਆਨ 'ਤੇ ਤਾਸੀਰ ਨੇ ਟਵਿੱਟਰ 'ਤੇ ਕਿਹਾ ਕਿ ਉਸ ਨੂੰ ਜਵਾਬ ਦੇਣ ਲਈ 21 ਦਿਨ ਨਹੀਂ, ਬਲਕਿ 24 ਘੰਟੇ ਦਿੱਤੇ ਗਏ ਸਨ।