ਬਠਿੰਡਾ : ਪ੍ਰਿੰਸੀਪਲ ਨੇ ਜ਼ਬਰੀ ਕਟਵਾ ਦਿੱਤੇ ਬੱਚਿਆਂ ਦੇ ਵਾਲ, ਮਾਪਿਆਂ ‘ਚ ਰੋਸ

by jaskamal

ਬਠਿੰਡਾ (ਜਸਕਮਲ) : ਰਾਮਪੁਰਾ ਦੇ ਪਿੰਡ ਜਲਾਲ ਦੇ ਸਰਕਾਰੀ ਸਕੂਲ 'ਚ ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਜ਼ਬਰੀ ਵਾਲ ਕਟਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਬਿਨਾਂ ਦੱਸਿਆਂ ਬੱਚਿਆ ਦੇ ਵਾਲ ਕੱਟੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਿੰਸੀਪਲ ਵਿਰੁੱਧ ਕਾਰਵਾਈ ਕੀਤੀ ਜਾਵੇ।

ਬੱਚਿਆਂ ਨੇ ਕਿਹਾ ਕਿ ਪਹਿਲਾਂ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਜਮਾਤ ਤੋਂ ਬਾਹਰ ਸੱਦਿਆਂ ਤੇ ਬਾਅਦ 'ਚ ਵਾਲ ਕੱਟ ਦਿੱਤੇ। ਉਨ੍ਹਾਂ ਦੱਸਿਆ ਕਿ ਲਗਪਗ 60 ਵਿਦਿਆਰਥੀਆਂ ਦੇ ਵਾਲ ਕੱਟੇ ਗਏ ਹਨ। ਹਾਲਾਂਕਿ ਪ੍ਰਿੰਸੀਪਲ ਦਾ ਇਸ ਸਬੰਧੀ ਆਪਣਾ ਤਰਕ ਹੈ, ਜਦਕਿ ਵਾਲ ਕੱਟਣ ਵਾਲੇ ਨਾਈ ਦਾ ਕਹਿਣਾ ਹੈ ਕਿ ਉਸ ਨੇ ਪ੍ਰਿੰਸੀਪਲ ਦੇ ਹੁਕਮ 'ਤੇ ਵਾਲ ਕੱਟੇ ਹਨ, ਜਿਸ 'ਚ ਉਸਦਾ ਕੋਈ ਗੁਨਾਹ ਨਹੀਂ।

ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਕਈ ਵਾਰ ਬੱਚਿਆਂ ਨੂੰ ਕਹਿ ਚੁੱਕੀ ਸੀ ਕਿ ਵਾਲ ਕਟਵਾਓ ਪਰ ਬੱਚੇ ਨਹੀਂ ਮੰਨੇ ਤੇ ਅਖੀਰ ਉਸ ਨੂੰ ਇਹ ਕਦਮ ਚੁੱਕਣਾ ਪਿਆ। ਉਸ ਦਾ ਕਹਿਣਾ ਸੀ ਕਿ ਬੱਚੇ ਵੱਖ-ਵੱਖ ਡਿਜ਼ਾਈਨਾਂ ਦੇ ਵਾਲ ਕੰਘੀ ਕਰ ਕੇ ਆਉਂਦੇ ਸਨ। ਇਸ ਲਈ ਉਸਦੇ ਇਸ ਫੈਸਲੇ ਦਾ ਵਿਰੋਧ ਕਰਨਾ ਠੀਕ ਨਹੀਂ, ਕਿਉਂਕਿ ਉਸ ਨੇ ਸਿਰਫ਼ ਅਨੁਸ਼ਾਸਨ ਬਣਾਈ ਰੱਖਣ ਲਈ ਇਹ ਕੀਤਾ ਹੈ।