ਝਾੜੀਆਂ ’ਚੋਂ ਮਿਲੀ ਅੱਗ ਨਾਲ ਝੁਲਸੀ ਲਾਸ਼, ਫੈਲੀ ਸਨਸਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਜਿੰਦਾ ਫਾਟਕ ਨੇੜੇ ਸਥਿਤ ਗਰਾਊਂਡ ਦੀਆਂ ਝਾੜੀਆਂ ਵਿਚੋਂ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਕੁਝ ਨੌਜਵਾਨ ਜਿੰਦਾ ਫਾਟਕ ਤੋਂ ਕੁਝ ਦੂਰੀ ’ਤੇ ਸਥਿਤ ਗਰਾਊਂਡ 'ਚ ਫੁੱਟਬਾਲ ਖੇਡ ਰਹੇ ਸਨ। ਇਸ ਦੌਰਾਨ ਫੁੱਟਬਾਲ ਗਰਾਊਂਡ ਦੀਆਂ ਝਾੜੀਆਂ ਵਿਚ ਜਾ ਡਿੱਗਾ। ਇਹ ਝਾੜੀਆਂ ਮੇਨ ਰੋਡ ਨੂੰ ਵੀ ਲੱਗਦੀਆਂ ਹਨ। ਜਿਉਂ ਹੀ ਨੌਜਵਾਨ ਫੁੱਟਬਾਲ ਚੁੱਕਣ ਗਏ, ਉਥੇ ਸੜੀ ਹੋਈ ਲਾਸ਼ ਵੇਖ ਕੇ ਰੌਲਾ ਪਾ ਦਿੱਤਾ। ਤੁਰੰਤ ਇਲਾਕੇ ਦੇ ਲੋਕ ਇਕੱਠੇ ਹੋ ਗਏ।

ਏ. ਐੱਸ. ਆਈ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਲਾਸ਼ ਇੰਨੀ ਬੁਰੀ ਤਰ੍ਹਾਂ ਸੜੀ ਹੋਈ ਹੈ ਕਿ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਲਾਸ਼ ਔਰਤ ਦੀ ਹੈ ਜਾਂ ਮਰਦ ਦੀ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਜਾ ਰਿਹਾ ਹੈ। ਪੁਲਿਸ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਕੇ ਅਗੇ ਦੀ ਕਰਵਾਈ ਕਰ ਰਹੀ ਹੈ।