ਮਹਿਤਪੁਰ ਵਾਸੀ ਜ਼ਿਮੀਂਦਾਰ ਨੇ ਲਾਇਆ 1 ਵਿਅਕਤੀ ‘ਤੇ 1 ਕਰੋੜ, 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼

by

ਜਲੰਧਰ : ਪਿੰਡ ਮਹਿਤਪੁਰ ਵਾਸੀ ਇਕ ਜ਼ਿਮੀਂਦਾਰ ਨੇ ਇਕ ਵਿਅਕਤੀ 'ਤੇ ਉਸ ਨਾਲ 1 ਕਰੋੜ, 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਉਂਦੇ ਹੋਏ ਇਕ ਡੀਐੱਸਪੀ ਤੇ ਬੈਂਕ ਮੈਨੇਜਰ 'ਤੇ ਇਸ ਲਈ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀਐੱਸਪੀ ਦਫ਼ਤਰ ਵੱਲੋਂ ਲਗਾਤਾਰ ਧਮਕੀਆਂ ਦੇਣ ਬਾਰੇ ਵੀ ਪੱਤਰਕਾਰਾਂ ਨੂੰ ਦੱਸਿਆ। ਪ੍ਰਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਮੀਂਦਾਰ ਰਾਜਵੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਹਿਤਪੁਰ ਤਹਿਸੀਲ ਨਕੋਦਰ ਨੇ ਦੱਸਿਆ ਕਿ ਉਸ ਦਾ ਤਜਿੰਦਰ ਵਰਮਾ ਤੇ ਨੀਰਜ ਵਰਮਾ ਨਾਲ ਦੋਸਤਾਨਾਂ ਸਬੰਧ ਸਨ। ਇਕ ਦਿਨ ਉਨ੍ਹਾਂ ਨੇ ਉਨ੍ਹਾਂ (ਰਾਜਵੀਰ ਸਿੰਘ) ਨੂੰ ਆਖਿਆ ਕਿ ਉਨ੍ਹਾਂ ਨੇ ਆਪਣੀ ਫੈਕਟਰੀ ਦਾ ਮਾਲ ਬਰਾਮਦ ਕਰਨਾ ਹੈ ਜਿਸ ਲਈ ਉਹ ਆਪਣੀ ਫੈਕਟਰੀ ਵਿਚ ਜ਼ਿਆਦਾ ਤੋਂ ਜ਼ਿਆਦਾ ਮਾਲ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਪੈਸਿਆਂ ਦੀ ਕਮੀ ਹੈ। ਜੇਕਰ ਉਹ ਉਨ੍ਹਾਂ ਨੂੰ ਇਕ ਕਰੋੜ ਦਸ ਲੱਖ ਰੁਪਿਆ ਦੇਣ ਤਾਂ ਉਨ੍ਹਾਂ (ਰਾਜਵੀਰ ਸਿੰਘ) ਨੂੰ ਫੈਕਟਰੀ ਵਿਚ ਭਾਈਵਾਲ ਬਣਾ ਲੈਣਗੇ ਤੇ ਹੋਣ ਵਾਲੇ ਲਾਭ ਵਿਚੋਂ ਵੀ ਹਿੱਸਾ ਦਿੱਤਾ ਜਾਵੇਗਾ। 

ਇਸ 'ਤੇ ਉਨ੍ਹਾਂ ਨੇ ਆਪਣੀ ਬੈਂਕ ਲਿਮਟ ਤੇ ਦੋਸਤਾਂ ਤੋਂ ਪੈਸੇ ਉਧਾਰ ਲੈ ਕੇ ਨੀਰਜ ਵਰਮਾ ਨੂੰ ਇਕ ਕਰੋੜ, ਦਸ ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਨੀਰਜ ਵਰਮਾ ਨੇ ਉਨ੍ਹਾਂ ਨੂੰ ਕਰੂਰ ਵਿਆਸ ਬੈਂਕ ਬਰਾਂਚ ਨਕੋਦਰ ਰੋਡ, ਜਲੰਧਰ ਦਾ ਇਕ ਕਰੋੜ ਦਸ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਤੇ ਭਰੋਸਾ ਦਵਾਇਆ ਕਿ ਜਦੋਂ ਵੀ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੋਵੇ, ਉਹ ਇਹ ਚੈੱਕ ਬੈਂਕ ਵਿਚ ਲਗਾ ਲੈਣ ਤੇ ਉਹ ਚੈੱਕ ਪਾਸ ਕਰਵਾ ਦੇਵੇਗਾ। ਉਨ੍ਹਾਂ (ਰਾਜਵੀਰ ਸਿੰਘ) ਨੇ 29 ਮਈ ਨੂੰ ਉਕਤ ਚੈੱਕ ਕੇਨਰਾ ਬੈਂਕ ਦੀ ਨੂਰਮਹਿਲ ਬਰਾਂਚ ਵਿਚ ਆਪਣੇ ਖ਼ਾਤੇ ਵਿਚ ਜਮ੍ਹਾਂ ਕਰਵਾਇਆ ਤਾਂ 7 ਜੂਨ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਮੈਸੇਜ ਆਇਆ ਕਿ ਖ਼ਾਤਾ ਬਲਾਕ ਹੋਣ ਕਰ ਕੇ ਚੈੱਕ ਵਾਪਸ ਆ ਗਿਆ ਹੈ। ਜਦ ਕੁਝ ਦਿਨ ਬਾਅਦ ਉਹ ਬੈਂਕ ਵਿਚੋਂ ਵਾਪਸ ਆਇਆ ਚੈੱਕ ਲੈਣ ਗਏ ਤਾਂ ਬੈਂਕ ਮੈਨੇਜਰ ਦੀਪਕ ਬਾਂਸਲ ਨੇ ਉਨ੍ਹਾਂ ਨੂੰ ਆਖਿਆ ਕਿ ਚੈੱਕ ਮਕਸੂਦਾਂ ਥਾਣੇ ਦੇ ਏਐੱਸਆਈ ਸੁਖਵਿੰਦਰ ਸਿੰਘ ਲੈ ਗਿਆ ਹੈ, ਕਿਉਂਕਿ ਮਕਸੂਦਾਂ ਥਾਣੇ ਵਿਚ ਚੈੱਕ ਗੁਆਚਣ ਦੀ ਰਿਪੋਰਟ ਦਰਜ ਹੋਈ ਹੈ ਜਿਸ ਦੀ ਜਾਂਚ ਲਈ ਚੈੱਕ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਜਦ ਉਹ ਇਸ ਸ਼ਿਕਾਇਤ ਕਰਨ ਲਈ ਨੂਰਮਹਿਲ ਥਾਣੇ ਪੁੱਜੇ ਤਾਂ ਪੁਲਿਸ ਨੇ ਸ਼ਿਕਾਇਤ ਦਰਜ ਨਾ ਕੀਤੀ । 

ਰਾਜਵੀਰ ਨੇ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਡੀਐੱਸਪੀ ਰਣਜੀਤ ਸਿੰਘ ਦਾ ਫੋਨ ਆਇਆ ਕਿ ਉਨ੍ਹਾਂ 'ਤੇ ਚੈੱਕ ਚੋਰੀ ਕਰਨ ਦਾ ਮਾਮਲਾ ਦਰਜ ਹੈ। ਇਸ ਲਈ ਉਹ ਥਾਣੇ ਪੁੱਜਣ ਜਾਂ ਨੀਰਜ ਵਰਮਾ ਨਾਲ ਰਾਜ਼ੀਨਾਮਾ ਕਰ ਲੈਣ। ਰਾਜਵੀਰ ਸਿੰਘ ਨੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਬਿਨਾਂ ਕਾਰਨ ਪਰੇਸ਼ਾਨ ਕਰਨ ਵਾਲੇ ਡੀਐੱਸਪੀ, ਏਐੱਸਆਈ, ਬੈਂਕ ਮੈਨੇਜਰ ਤੇ ਨੀਰਜ ਵਰਮਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਚੈੱਕ ਵਾਪਸ ਦਿਵਾਇਆ ਜਾਵੇ ਤਾਂ ਕਿ ਉਹ ਨੀਰਜ ਵਰਮਾ ਵਿਰੁੱਧ ਅਦਾਲਤ ਵਿਚ ਕੇਸ ਦਰਜ ਕਰਵਾ ਸਕਣ।ਜਦ ਇਸ ਬਾਰੇ ਡੀਐੱਸਪੀ ਸਬ ਡਵੀਜ਼ਨ ਕਰਤਾਰਪੁਰ ਰਣਜੀਤ ਸਿੰਘ ਨੂੰ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਜਵੀਰ ਖ਼ਿਲਾਫ਼ ਥਾਣਾ ਮਕਸੂਦਾਂ ਵਿਚ ਚੈੱਕ ਚੋਰੀ ਦਾ ਮਾਮਲਾ ਦਰਜ ਹੈ ਜਿਸ ਕਾਰਨ ਉਨ੍ਹਾਂ ਨੇ ਏਐੱਸਆਈ ਸੁਖਵਿੰਦਰ ਸਿੰਘ ਨੂੰ ਭੇਜ ਕੇ ਕੇਨਰਾ ਬੈਂਕ ਨੂਰਮਹਿਲ 'ਚੋਂ ਚੈੱਕ ਮੰਗਵਾਇਆ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।ਜਦ ਬੈਂਕ ਮੈਨੇਜਰ ਦੀਪਕ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਵੱਲੋਂ ਇਕ ਕਰੋੜ ਦਸ ਲੱਖ ਰੁਪਏ ਦਾ ਚੈੱਕ ਅਕਾਊਂਟ ਵਿਚ ਲਗਾਇਆ ਗਿਆ ਸੀ ਜਿਹੜਾ ਅਕਾਊਂਟ ਬਲਾਕ ਕਾਰਨ ਵਾਪਸ ਆ ਗਿਆ। 

ਚੈੱਕ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਪੁਲਿਸ ਦੀ ਇਕ ਈ ਮੇਲ ਆਈ ਸੀ ਕਿ ਨੀਰਜ ਵਰਮਾ ਦੇ ਚੈੱਕ ਚੋਰੀ ਹੋ ਗਏ ਹਨ ਜਿਸ ਸਬੰਧੀ ਮਾਮਲਾ ਦਰਜ ਹੈ। ਇਸ ਲਈ ਜਿਹੜਾ ਇਕ ਕਰੋੜ, ਦਸ ਲੱਖ ਰੁਪਏ ਦਾ ਚੈੱਕ ਵਾਪਸ ਆਇਆ ਹੈ, ਉਹ ਜਾਂਚ ਲਈ ਪੁਲਿਸ ਨੂੰ ਦਿੱਤਾ ਜਾਵੇ। ਇਸ ਤੋਂ ਬਾਅਦ ਏਐੱਸਆਈ ਸੁਖਵਿੰਦਰ ਸਿੰਘ ਬੈਂਕ ਆਇਆ ਸੀ ਤੇ ਉਸ ਨੇ ਲਿਖਤ ਵਿਚ ਉਨ੍ਹਾਂ ਨੂੰ ਦਿੱਤਾ ਸੀ ਕਿ ਚੈੱਕ ਜਾਂਚ ਲਈ ਥਾਣੇ ਲਿਜਾਇਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੇ ਇਹ ਚੈੱਕ ਪੁਲਿਸ ਦੇ ਹਵਾਲੇ ਕਰ ਦਿੱਤਾ। ਦੀਪਕ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਕਾਨੂੰਨਨ ਹੀ ਇਹ ਚੈੱਕ ਪੁਲਿਸ ਦੇ ਹਵਾਲੇ ਕੀਤਾ ਹੈ।ਜਦ ਇਸ ਸਬੰਧੀ ਪੱਖ ਜਾਣਨ ਲਈ ਨੀਰਜ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਉਹ ਆਪਣੇ ਫੈਕਟਰੀ ਦੇ ਕੰਮ ਵਿਚ ਰੁੱਝੇ ਹੋਏ ਹਨ ਤੇ ਦਸ ਮਿੰਟ ਬਾਅਦ ਤੁਹਾਨੂੰ ਆਪਣੇ ਆਪ ਫੋਨ ਕਰ ਕੇ ਜਾਣਕਾਰੀ ਦੇਵਾਂਗਾ ਪਰ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਫੋਨ ਨਹੀਂ ਆਇਆ।