ਅਕਾਲੀ ਦਲ ‘ਚੋਂ ਇਕ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣਾ ਨਰਿੰਦਰ ਮੋਦੀ ਲਈ ਆਸਾਨ ਨਹੀਂ

by

ਚੰਡੀਗੜ : ਦੇਸ਼ ਭਰ 'ਚ ਜਿਸ ਤਰ੍ਹਾਂ ਮੋਦੀ ਦੀ ਲਹਿਰ ਚੱਲ ਰਹੀ ਹੈ, ਉਸ ਦਾ ਪੰਜਾਬ ਨੂੰ ਬਹੁਤ ਨੁਕਸਾਨ ਹੋਵੇਗਾ, ਇਹ ਤੈਅ ਹੈ। ਪੰਜਾਬ ਦੇ ਹਿੱਸੇ ਕੇਂਦਰ 'ਚ ਬਣਨ ਵਾਲੇ ਮੰਤਰੀ ਮੰਡਲ 'ਚ ਕੇਵਲ ਇਕ ਸੀਟ ਵੀ ਮਿਲ ਜਾਵੇ ਤਾਂ ਬਹੁਤ ਵੱਡੀ ਗੱਲ ਹੋਵੇਗੀ। ਦਰਅਸਲ ਪੰਜਾਬ 'ਚ ਐੱਨਡੀਏ ਨੂੰ ਕੇਵਲ ਚਾਰ ਸੀਟਾਂ ਮਿਲੀਆਂ ਹਨ, ਜਿਨ੍ਹਾਂ 'ਚ ਦੋ ਅਕਾਲੀ ਦਲ ਤੇ ਦੋ ਭਾਜਪਾ ਨੂੰ ਮਿਲੀਆਂ ਹਨ।2014 'ਚ ਜਦ ਐੱਨਡੀਏ ਦੀ ਸਰਕਾਰ ਬਣੀ ਸੀ ਤਾਂ ਬੇਸ਼ੱਕ ਭਾਜਪਾ ਆਪਣੇ ਦਮ 'ਤੇ 282 ਸੀਟਾਂ ਲੈ ਕੇ ਕੇਂਦਰ 'ਚ ਸਰਕਾਰ ਬਣਾਉਣ ਦੀ ਕਾਮਯਾਬ ਹੋ ਗਈ ਸੀ ਪਰ ਇਸ ਦੇ ਬਾਵਜੂਦ ਭਾਜਪਾ ਨੇ ਆਪਣੇ ਗੱਠਜੋੜ ਸਾਥੀਆਂ ਨੂੰ ਵੀ ਆਪਣੇ ਨਾਲ ਰੱਖਿਆ। ਗੱਠਜੋੜ ਪਾਰਟੀਆਂ ਲਈ ਤੈਅ ਕੀਤਾ ਗਿਆ ਕਿ ਜਿਸ ਪਾਰਟੀ ਨੂੰ ਵੀ 5 ਸੀਟਾਂ ਮਿਲੀਆਂ ਉਨ੍ਹਾਂ 'ਚੋਂ ਇਕ ਨੂੰ ਕੈਬਨਿਟ ਦਾ ਅਹੁਦਾ ਦਿੱਤਾ ਜਾਵੇਗਾ।ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਸੀਟਾਂ ਮਿਲੀਆਂ। ਨਰਿੰਦਰ ਮੋਦੀ ਅਕਾਲੀ ਦਲ ਦਾ ਇਕ ਰਾਜ ਮੰਤਰੀ ਲੈਣਾ ਚਾਹੁੰਦੇ ਸਨ ਪਰ ਪ੍ਰਕਾਸ਼ ਸਿੰਘ ਬਾਦਲ ਕੈਬਨਿਟ ਮੰਤਰੀ ਲਈ ਅੜ ਗਏ।

ਉਹ ਨਰਿੰਦਰ ਮੋਦੀ ਨੂੰ ਮਨਾਉਣ 'ਚ ਕਾਮਯਾਬ ਵੀ ਰਹੇ।ਪਰ ਇਸ ਵਾਰ ਅਕਾਲੀ ਦਲ ਦੀ ਸਥਿਤੀ ਹੋਰ ਵੀ ਮਾੜੀ ਹੈ। ਪਾਰਟੀ ਨੂੰ ਕੇਵਲ ਦੋ ਸੀਟਾਂ ਹਾਸਲ ਹੋਈਆਂ ਹਨ। ਪਾਰਟੀ ਵੱਲੋਂ ਪਿਛਲੀ ਵਾਰ ਜੇਤੂ ਰਹੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਇਸ ਵਾਰ ਕਾਫੀ ਪੱਛੜ ਗਏ ਹਨ, ਉਥੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਸ਼ੇਰ ਸਿੰਘ ਘੁਬਾਇਆ ਪਹਿਲਾਂ ਹੀ ਬਾਗੀ ਹੋ ਕੇ ਪਾਰਟੀ ਛੱਡ ਚੁੱਕੇ ਸਨ। ਕੇਵਲ ਹਰਸਿਮਰਤ ਕੌਰ ਹੀ ਵਾਪਸੀ ਕਰ ਸਕੇ ਹਨ।ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਆਪਣੀਆਂ ਕੁਲ ਸੀਟਾਂ 'ਚ ਇਸ ਵਾਰ ਇਜ਼ਾਫਾ ਕਰ ਗਈ। ਅਜਿਹੇ 'ਚ ਕੇਵਲ ਦੋ ਸੀਟਾਂ ਵਾਲੀ ਪਾਰਟੀ 'ਚੋਂ ਇਕ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣਾ ਨਰਿੰਦਰ ਮੋਦੀ ਲਈ ਆਸਾਨ ਨਹੀਂ ਹੋਵੇਗਾ।ਪਿਛਲੀ ਵਾਰ ਵਾਂਗ ਇਸ ਵਾਰ ਫਿਰ ਭਾਜਪਾ ਨੇ ਦੋ ਸੀਟਾਂ ਕੱਢੀਆਂ ਹਨ। ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਤੇ ਗੁਰਦਾਸਪੁਰ ਤੋਂ ਸੰਨੀ ਦਿਓਲ 'ਤੇ ਦਾਅ ਲੱਗ ਸਕਦਾ ਹੈ। ਪਿਛਲੀਆਂ ਸੰਸਦੀ ਚੋਣਾਂ 'ਚ ਇਥੋਂ ਜਿੱਤੇ ਵਿਜੇ ਸਾਂਪਲਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਮੰਤਰੀ ਬਣਾਇਆ ਸੀ। ਇਸ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ।

ਉਨ੍ਹਾਂ ਦੀ ਥਾਂ ਸੋਮ ਪ੍ਰਕਾਸ਼ ਨੂੰ ਉਤਾਰਿਆ ਗਿਆ, ਜੋ ਦੋ ਵਾਰ ਤੋਂ ਵਿਧਾਇਕ ਚੱਲੇ ਆ ਰਹੇ ਹਨ। ਸੋਮ ਪ੍ਰਕਾਸ਼ ਨੂੰ ਮੰਤਰੀ ਬਣਾ ਕੇ ਭਾਜਪਾ ਦਲਿਤ ਕੋਟੇ ਨੂੰ ਵੀ ਪੂਰਾ ਕਰ ਸਕਦੀ ਹੈ।ਸੋਮ ਪ੍ਰਕਾਸ਼ ਜਿਥੇ ਸਾਬਕਾ ਆਈਏਐੱਸ ਅਫਸਰ ਹਨ, ਉਥੇ ਹੀ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਮੁੱਖ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੂਰੀ ਉਮੀਦ ਹੈ ਕਿ ਹਰਸਿਮਰਤ ਕੌਰ ਬਾਦਲ ਫਿਰ ਤੋਂ ਕੈਬਨਿਟ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲ ਹੀ ਧਿਆਨ ਦੇਣਗੇ। ਸੁਖਬੀਰ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਲਈ ਫੂਡ ਪ੍ਰਰੋਸੈਸਿੰਗ ਦੇ ਕਈ ਮਹੱਤਵਪੂਰਨ ਪ੍ਰਾਜੈਕਟ ਲਿਆਂਦੇ। ਇਨ੍ਹਾਂ ਪ੍ਰਾਜੈਕਟਾਂ ਦੀ ਪੰਜਾਬ ਨੂੰ ਲੋੜ ਵੀ ਹੈ ਕਿਉਂਕਿ ਪੰਜਾਬ 'ਚ ਨੌਜਵਾਨਾਂ ਨੂੰ ਖੇਤੀਬਾੜੀ ਆਧਾਰਿਤ ਪ੍ਰਾਜੈਕਟ ਲਗਾ ਕੇ ਹੀ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ।