ਭਾਰਤ-ਪਾਕਿਸਤਾਨ ਮੈਚ ‘ਤੇ ਲੱਗਾ ਹੋਇਆ ਕਰੋੜਾਂ ਡਾਲਰ ਦਾ ਸੱਟਾ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : 16 ਜੂਨ ਨੂੰ ਭਾਰਤ-ਪਾਕਿ ਵਿਚਕਾਰ ਹੋਣ ਵਾਲਾ ਮੈਚ ਦੋਵਾਂ ਦੇਸ਼ਾਂ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਵਿਸ਼ਵ ਕੱਪ ਜੇਤੂ ਕੋਈ ਵੀ ਬਣੇ ਪਰ ਹਰ ਕਿਸੇ ਨੂੰ 16 ਜੂਨ ਦਾ ਇੰਤਜ਼ਾਰ ਹੈ। ਉਥੇ ਹੀ ਕ੍ਰਿਕਟ ਦੇ ਸੱਟੇਬਾਜ਼ਾਂ ਵਲੋਂ ਇਸ ਮੈਚ 'ਤੇ ਕਰੋੜਾਂ ਡਾਲਰ ਦਾ ਸੱਟਾ ਲਾਇਆ ਜਾ ਚੁੱਕਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧ 'ਚ ਲਗਭਗ 90 ਫੀਸਦੀ ਰਾਸ਼ੀ ਦਾ ਸੱਟਾ ਹਰ ਮੈਚ ਵਾਂਗ ਪਾਕਿਸਤਾਨ ਦੇ ਸੱਟੇਬਾਜ਼ਾਂ ਵਲੋਂ ਲਾਇਆ ਜਾ ਚੁੱਕਾ ਹੈ। ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲਾ ਕੋਈ ਵੀ ਮੈਚ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਹੁੰਦਾ ਅਤੇ ਕ੍ਰਿਕਟ ਪ੍ਰੇਮੀਆਂ ਲਈ ਮੈਦਾਨ ਛੋਟਾ ਪੈ ਜਾਂਦਾ ਹੈ। 

ਇਥੇ ਪਾਠਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਵਿਸ਼ਵ ਕੱਪ 'ਚ ਜਿੰਨੇ ਵੀ ਮੈਚ ਹੋਏ ਹਨ ਅਤੇ ਹੋਣੇ ਹਨ, ਉਨ੍ਹਾਂ 'ਚ ਭਾਰਤ-ਪਾਕਿਸਤਾਨ ਦਰਮਿਆਨ ਜਿਹੜਾ ਵੀ ਮੈਚ ਹੋਵੇਗਾ, ਉਹ ਸੱਟੇ ਤੋਂ ਬਿਨਾਂ ਨਾ ਤਾਂ ਹੁਣ ਤਕ ਹੋਇਆ ਹੈ ਅਤੇ ਨਾ ਹੀ ਅੱਗੇ ਕਦੇ ਹੋਵੇਗਾ। ਇਨ੍ਹਾਂ ਮੈਚਾਂ ਨੂੰ ਕ੍ਰਿਕਟ ਦਾ ਮੈਚ ਨਹੀਂ ਸਮਝਿਆ ਜਾਂਦਾ ਸਗੋਂ ਭਾਰਤ-ਪਾਕਿਸਤਾਨ ਦਰਮਿਆਨ ਜੰਗ ਵਾਂਗ ਸਮਝਿਆ ਜਾਂਦਾ ਹੈ।

ਸੱਟਾ ਬਾਜ਼ਾਰ 'ਚ ਪਾਕਿਸਤਾਨ-ਭਾਰਤ ਦੇ ਮੈਚ ਦਾ ਭਾਅ

ਸੱਟਾ ਬਾਜ਼ਾਰ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ 16 ਜੂਨ ਦੇ ਮੈਚ 'ਚ ਸੱਟੇਬਾਜ਼ਾਂ ਵਲੋਂ ਭਾਰਤ ਦੀ ਟੀਮ ਨੂੰ 55 ਪੈਸੇ, ਜਦਕਿ ਪਾਕਿਸਤਾਨ ਦੀ ਟੀਮ ਨੂੰ 40 ਪੈਸੇ ਦਾ ਭਾਅ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਪਿਛਲੇ ਟੀ-20 ਮੈਚਾਂ 'ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਵੀ ਉਨ੍ਹਾਂ ਨੂੰ ਇਸ ਮੈਚ 'ਚ ਜੇਤੂ ਬਣਾ ਕੇ ਸੱਟੇ ਦਾ ਭਾਅ ਵਧਾ ਰਿਹਾ ਹੈ। ਉਥੇ ਹੀ ਪਾਕਿ ਦੇ ਕ੍ਰਿਕਟ ਪ੍ਰੇਮੀ ਆਪਣੇ ਦੇਸ਼ ਦੀ ਟੀਮ ਦੀ ਜਿੱਤ ਦੀ ਖੁਸ਼ੀ ਦੇਖਣਾ ਚਾਹੁੰਦੇ ਹਨ। 16 ਜੂਨ ਦਾ ਮੈਚ ਸੱਟੇਬਾਜ਼ਾਂ ਅਤੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਲਈ ਅਹਿਮ ਹੈ।