ਕਰਤਾਰਪੁਰ ਲਾਂਘਾ: ਰੋਜ਼ਗਾਰ, ਵਪਾਰ ਦੇ ਬੂਹੇ ਖੋਲ੍ਹ ਗਿਆ ਬਾਬੇ ਨਾਨਕ ਦਾ ਦਰ

by

ਡੇਰਾ ਬਾਬਾ ਨਾਨਕ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਜੇ ਨਵੰਬਰ ਦੇ ਮਹੀਨੇ ਖੁੱਲ੍ਹਣਾ ਹੈ ਪਰ ਬਾਬੇ ਨਾਨਕ ਦਾ ਦਰ ਖੁੱਲ੍ਹਣ ਤੋਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਬੇਰੋਜ਼ਗਾਰ ਅਤੇ ਦੁਕਾਨਦਾਰਾਂ ਲਈ ਰੋਜ਼ਗਾਰ ਅਤੇ ਵਪਾਰ ਦਾ ਦਰ ਬਾਬੇ ਨਾਨਕ ਨੇ ਖੋਲ੍ਹ ਦਿੱਤਾ ਹੈ, ਜਿਸ ਨਾਲ ਇਹ ਕਈਆਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਬਣੇਗਾ। ਪਿਛਲੇ 5 ਮਹੀਨਿਆਂ ਤੋਂ ਭਾਰਤ-ਪਾਕਿ ਸਰਹੱਦ ਦੇ ਨਾਲ ਲਗਦੇ ਪੱਛੜੇ ਇਸ ਬਲਾਕ ਡੇਰਾ ਬਾਬਾ ਨਾਨਕ 'ਚ ਹੁਣ ਕੰਮ ਦੀ ਕੋਈ ਘਾਟ ਨਹੀਂ ਹੈ ਅਤੇ ਨਾ ਹੀ ਹੁਣ ਦੁਕਾਨਾਂ 'ਤੇ ਮੰਦੀ ਦੀ ਛਾਇਆ ਹੈ। ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਹੋਣ ਨਾਲ ਸਰਹੱਦੀ ਖੇਤਰ ਦੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਵੱਡੇ ਮੌਕੇ ਮਿਲ ਗਏ ਹਨ ਅਤੇ ਬੇਰੋਜ਼ਗਾਰਾਂ ਅਨੁਸਾਰ ਉਨ੍ਹਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ। ਮਜ਼ਦੂਰ ਤੋਂ ਲੈ ਕੇ ਟੈਕਨੀਕਲ ਪੋਸਟਾਂ ਲਈ ਉਹ ਨੈਸ਼ਨਲ ਹਾਈਵੇ ਅਤੇ ਲੈਂਡ ਪੋਰਟ ਅਥਾਰਟੀ ਦੇ ਅਧੀਨ ਕੰਮ ਕਰ ਕੇ ਚੰਗੀ ਦਿਹਾੜੀ ਲੈ ਰਹੇ ਹਨ, ਇਸ ਤੋਂ ਇਲਾਵਾ ਬੇਰੋਜ਼ਗਾਰ ਜੋ ਕਿ ਡਰਾਇਵਿੰਗ ਜਾਣਦੇ ਹਨ ਜਾਂ ਉਨ੍ਹਾਂ ਕੋਲ ਆਪਣੀਆਂ ਗੱਡੀਆਂ ਹਨ, ਨੂੰ ਵੀ ਇਨ੍ਹਾਂ ਕੰਪਨੀਆਂ ਵਲੋਂ ਕਿਰਾਏ 'ਤੇ ਲਿਆ ਗਿਆ ਹੈ ਅਤੇ ਹੁਣ ਨੌਜਵਾਨ ਵੀ ਵਿਹਲੇ ਨਹੀਂ ਰਹਿ ਰਹੇ, ਇਸ ਦੇ ਨਾਲ ਇਸ ਖੇਤਰ 'ਚ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਕਾਰਣ ਵੀ ਮਿਸਤਰੀਆਂ, ਮਜ਼ਦੂਰਾਂ ਅਤੇ ਹੋਰ ਖੇਤਰਾਂ ਨਾਲ ਸਬੰਧਤ ਨੌਜਵਾਨਾਂ ਦੀ ਵੀ ਮੰਗ ਵੱਧ ਗਈ ਹੈ।

ਦੂਸਰੇ ਪਾਸੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਜੋ ਸ਼ਾਮ ਪੈਂਦਿਆਂ ਸਾਰ ਹੀ ਸੁੰਨਸਾਨ ਪੈ ਜਾਂਦਾ ਸੀ, ਉੱਥੇ ਸ਼ਾਮ ਨੂੰ ਕਸਬੇ ਦੇ ਬਾਜ਼ਾਰਾਂ 'ਚ ਮੇਲੇ ਵਰਗਾ ਮਾਹੌਲ ਨਜ਼ਰ ਆਉਂਦਾ ਹੈ ਜਦੋਂ ਦਿਨ ਅਤੇ ਦੁਪਹਿਰ ਦੀ ਸ਼ਿਫਟ ਪੂਰੀ ਕਰ ਕੇ ਕਰਤਾਰਪੁਰ ਟਰਮੀਨਲ, ਨੈਸ਼ਨਲ ਹਾਈਵੇ ਅਤੇ ਹੋਰਨਾਂ ਪ੍ਰਾਜੈਕਟਾਂ 'ਤੇ ਕੰਮ ਕਰਨ ਵਾਲੇ ਲੋਕ ਬਾਜ਼ਾਰ 'ਚ ਆ ਕੇ ਖਰੀਦੋ-ਫਰੋਖਤ ਕਰਦੇ ਹਨ। ਸ਼ਾਮ ਨੂੰ ਕਸਬੇ ਦੀਆਂ ਕਰਿਆਨੇ, ਸਬਜ਼ੀ, ਖਾਣ-ਪੀਣ, ਮਨਿਆਰੀ, ਕਪੜੇ ਦੀਆਂ ਦੁਕਾਨਾਂ 'ਤੇ ਰੌਣਕ ਵੇਖਣ ਵਾਲੀ ਹੁੰਦੀ ਹੈ ਅਤੇ ਕਸਬੇ ਵਿਚ ਸ਼ਾਮ ਵੇਲੇ ਵਿਹਲੇ ਰਹਿਣ ਵਾਲੇ ਦੁਕਾਨਦਾਰ ਦੇਰ ਰਾਤ ਤੱਕ ਗ੍ਰਾਹਕਾਂ ਨੂੰ ਸੌਦਾ ਵੇਚਦੇ ਨਜ਼ਰ ਆਉਂਦੇ ਹਨ।

ਇਸ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਰਹਿੰਦੇ ਲੋਕਾਂ ਨੇ ਸਦਾ ਜੰਗਾਂ ਹੀ ਵੇਖੀਆਂ ਹਨ ਜਾਂ ਫਿਰ ਦੋਵਾਂ ਦੇਸ਼ਾਂ ਵਿਚ ਸਰਹੱਦੀ ਤਣਾਅ ਦੇ ਕਾਰਣ ਘਰਵਾਲਿਆਂ ਨੂੰ ਦੂਰ-ਦਰਾਡੇ ਸੁਰੱਖਿਅਤ ਥਾਵਾਂ 'ਤੇ ਹੀ ਪਹੁੰਚਾਇਆ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿਚ ਸਰਹੱਦ 'ਤੇ ਭਾਰੀ ਦਬਾਅ ਦੇ ਬਾਵਜੂਦ ਵਾਹਿਗੁਰੂ ਦੀ ਕ੍ਰਿਪਾ ਨਾਲ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ਵਿਚਲੀ ਕੰਡਿਆਲੀ ਤਾਰ ਦੀਆਂ ਰੋਕਾਂ ਹਟਾ ਦਿੱਤੀਆਂ ਜਾਣ ਲੱਗੀਆਂ ਹਨ। ਲੋਕ ਹੁਣ ਇਸ ਕਸਬੇ ਤੋਂ ਥੋੜੀ ਦੂਰ ਦੋਵਾਂ ਦੇਸ਼ਾਂ ਦੀ ਵੰਡ ਦੌਰਾਨ ਆਪਣੇ ਤੋਂ ਵਿਛੜ ਗਏ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਅਤੇ ਵਾਹਿਗੁਰੂ ਨੇ ਜਿਥੇ ਸਮੁੱਚੀ ਸੰਗਤ ਦੀ ਅਰਦਾਸ ਨੂੰ ਪ੍ਰਵਾਨ ਕੀਤਾ ਹੈ, ਉਥੇ ਆਪਣੀ ਚਰਨ ਛੋਹ ਧਰਤੀ ਨੂੰ ਵਪਾਰ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਵੀ ਲਬਾਲਬ ਭਰ ਦਿੱਤਾ ਹੈ।

ਲੋਕਾਂ ਦਾ ਮੰਨਣਾ ਹੈ ਕਿ ਕਰਤਾਰਪੁਰ ਲਾਂਘੇ ਖੁੱਲ੍ਹਣ ਨਾਲ ਇਹ ਖੇਤਰ ਅੰਤਰ-ਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲਵੇਗਾ ਅਤੇ ਵੱਡੇ ਵਪਾਰਕ ਅਦਾਰੇ ਇਸ ਖੇਤਰ ਵੱਲ ਆਪਣਾ ਝੁਕਾਅ ਦਿਖਾਉਣਗੇ। ਲਾਂਘੇ ਦੇ ਖੁੱਲ੍ਹਣ ਨਾਲ ਉਨ੍ਹਾਂ ਦਾ ਕਾਰੋਬਾਰ ਹੋਰ ਚਮਕੇਗਾ ਅਤੇ ਹਰ ਰੋਜ਼ 5 ਹਜ਼ਾਰ ਯਾਤਰੀਆਂ ਦੇ ਦਰਸ਼ਨਾਂ ਲਈ ਪਹੁੰਚਣ ਨਾਲ ਕਸਬੇ ਦੇ ਵਾਰੇ ਨਿਆਰੇ ਹੋ ਜਾਣਗੇ।

ਕਸਬੇ ਦੇ ਸਬਜ਼ੀ ਵਿਕਰੇਤਾ ਰਾਹੁਲ ਕੁਮਾਰ ਦਾ ਕਹਿਣਾ ਸੀ ਕਿ ਹਰ ਰੋਜ਼ ਸਬਜ਼ੀ ਦਾ ਕਾਰੋਬਾਰ ਵਧ ਰਿਹਾ ਹੈ ਅਤੇ ਸਬਜ਼ੀ ਬੜੀ ਆਸਾਨੀ ਨਾਲ ਵਿਕ ਜਾਂਦੀ ਹੈ। ਕਸਬੇ ਦੇ ਮਨਿਆਰੀ ਦੇ ਹੋਲ ਸੇਲ ਵਿਕਰੇਤਾ ਰਾਜੇਸ਼ ਕੁਮਾਰ ਬਿੱਟਾ ਦਾ ਕਹਿਣਾ ਸੀ ਕਿ ਕਸਬੇ ਵਿਚ ਲੋਕਾਂ ਦਾ ਆਉਣਾ ਜਾਣਾ ਵਧਿਆ ਹੈ, ਜਿਸ ਨਾਲ ਉਨ੍ਹਾਂ ਕੋਲ ਕਸਬੇ ਦੇ ਦੁਕਾਨਦਾਰਾਂ ਦੇ ਆਰਡਰ ਕਾਫੀ ਵਧੇ ਹਨ ਅਤੇ ਕਸਬੇ ਦੇ ਦੁਕਾਨਦਾਰਾਂ ਦਾ ਕੰਮ ਚਮਕ ਗਿਆ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।