ਮਲੇਸ਼ੀਆ ਤੋਂ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼, ਹੈਰੋਇਨ ਸਮੇਤ 2 ਗ੍ਰਿਫਤਾਰ

by jaskamal

ਪੱਤਰ ਪ੍ਰੇਰਕ : ਪੁਲਿਸ ਨੇ ਸਰਹੱਦ ਪਾਰੋਂ ਹੈਰੋਇਨ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 4 ਕਿਲੋ ਹੈਰੋਇਨ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ 28 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਇਲਾਕੇ ਵਿੱਚ ਸਰਹੱਦ ਪਾਰੋਂ ਪਾਕਿਸਤਾਨ ਤੋਂ ਨਸ਼ੇ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਾਰਾ ਨੈੱਟਵਰਕ ਮਲੇਸ਼ੀਆ ਤੋਂ ਚਲਾਇਆ ਜਾ ਰਿਹਾ ਸੀ। ਇਹ ਮਾਡਿਊਲ ਮਲੇਸ਼ੀਆ ਸਥਿਤ ਇੱਕ ਚੋਟੀ ਦੇ ਸਮੱਗਲਰ ਦੁਆਰਾ ਚਲਾਇਆ ਜਾਂਦਾ ਹੈ ਜੋ ਕਈ ਡਰੱਗ ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਵਿਚ 2019 ਵਿਚ ਅਟਾਰੀ ਬਾਰਡਰ 'ਤੇ ਅੰਤਰਰਾਸ਼ਟਰੀ ਚੈੱਕ ਪੋਸਟ 'ਤੇ 532 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਸ਼ਾਮਲ ਹੈ। ਇਸ ਨੂੰ ਕਿੰਗਪਿਨ ਰਣਜੀਤ ਸਿੰਘ ਉਰਫ਼ ਚੀਤਾ ਚਲਾ ਰਿਹਾ ਸੀ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਆਕਾਸ਼ ਅਤੇ ਕੁਲਦੀਪ ਸਿੰਘ ਉਰਫ ਗੋਰਾ ਨਿਵਾਸਾ ਸਰਾਏ ਅਮਾਨਤ ਖਾਂ ਤਰਨਤਾਰਨ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਤਰਨਤਾਰਨ ਦੇ ਰਹਿਣ ਵਾਲੇ ਸਨ ਪਰ ਕਿਸੇ ਹੋਰ ਜ਼ਿਲ੍ਹੇ ਵਿੱਚ ਇੱਕ ਕਮਰੇ ਵਿੱਚ ਰਹਿ ਰਹੇ ਸਨ ਅਤੇ ਉਥੋਂ ਸਾਰਾ ਨੈੱਟਵਰਕ ਚਲਾ ਰਹੇ ਸਨ। ਉਥੇ ਹੀ ਉਹ ਪਾਕਿਸਤਾਨ ਤੋਂ ਆਉਣ ਵਾਲੀ ਖੇਪ ਨੂੰ ਸਟੋਰ ਕਰਦੇ ਸਨ।