1 ਦਸੰਬਰ ਤੋਂ ਸਾਰੇ ਵਾਹਨਾਂ ‘ਚ FASTags ਲਗਾਉਣਾ ਹੋਵੇਗਾ ਜ਼ਰੂਰੀ, ਜਾਣੋ ਕੀ ਹੈ ਤੇ ਕਿੱਥੋ ਮਿਲੇਗਾ

by mediateam

ਨਵੀਂ ਦਿੱਲੀ: ਇਲੈਕਟ੍ਰਾਨਿਕ ਮਾਧਿਅਮ ਨਾਲ ਟੋਲ ਦੀ ਅਦਾਇਗੀ ਲਈ ਜ਼ਰੂਰੀ ਫਾਸਟੈਗ ਛੇਤੀ ਹੀ ਪੈਟਰੋਲ ਪੰਪਾਂ 'ਤੇ ਵੀ ਮਿਲੇਗਾ। ਇਸ ਨਾਲ ਪੈਟਰੋਲ ਤੇ ਪਾਰਕਿੰਗ ਫੀਸ ਦਾ ਵੀ ਭੁਗਤਾਨ ਕੀਤਾ ਜਾ ਸਕੇਗਾ। ਇਹੀ ਨਹੀਂ, ਸਟੇਟ ਹਾਈਵੇ ਅਤੇ ਸ਼ਹਿਰੀ ਟੋਲ ਪਲਾਜ਼ਾ 'ਤੇ ਵੀ ਫਾਸਟੈਗ ਦੇ ਮਾਧਿਅਮ ਨਾਲ ਟੋਲ ਟੈਕਸ ਸਵੀਕਾਰ ਕੀਤਾ ਜਾਵੇਗਾ। ਸਰਕਾਰੀ ਏਜੰਸੀਆਂ ਜ਼ੋਰ-ਸ਼ੋਰ ਨਾਲ ਇਸ ਦੀਆਂ ਤਿਆਰੀਆਂ ਵਿਚ ਜੁਟੀਆਂ ਹਨ।

ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਸਰਕਾਰ ਨੇ ਇਸ ਸਾਲ ਪਹਿਲੀ ਦਸੰਬਰ ਤੋਂ ਪੂਰੇ ਦੇਸ਼ ਵਿਚ ਸਾਰੇ ਤਰ੍ਹਾਂ ਦੇ ਮੋਟਰ ਵਾਹਨਾਂ 'ਚ ਫਾਸਟੈਗ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਫਾਸਟੈਗ ਦੀ ਉਪਲੱਬਧਤਾ ਵਧਾਉਣ ਦੇ ਇੰਤਜ਼ਾਮ ਕੀਤੇ ਹਨ ਤਾਂ ਕਿ ਆਖ਼ਰੀ ਸਮੇਂ ਵਿਚ ਅਚਾਨਕ ਭੀੜ ਵਧਣ ਨਾਲ ਦਿੱਕਤ ਨਾ ਹੋਵੇ।

ਐੱਨਪੀਸੀਆਈ ਦੀ ਚੀਫ ਆਪ੍ਰੇਟਿੰਗ ਅਫਸਰ ਪ੍ਰਵੀਨਾ ਰਾਏ ਨੇ ਕਿਹਾ, 'ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਫਾਸਟੈਗ 'ਤੇ ਸਾਡਾ ਮੁੱਢਲਾ ਫੋਕਸ ਹੈ। ਦੋ ਸਾਲ ਤੋਂ ਘੱਟ ਮਿਆਦ ਵਿਚ ਇਹ ਪੂਰੀ ਤਰ੍ਹਾਂ ਇਸਤੇਮਾਲ ਵਿਚ ਲਿਆਉਣ ਯੋਗ ਹੋ ਗਿਆ ਹੈ। ਪਿਛਲੇ ਮਹੀਨੇ ਦੇ ਆਖ਼ਰ ਤਕ ਫਾਸਟੈਗ ਲੱਗੇ ਵਾਹਨਾਂ ਤੋਂ 3.1 ਕਰੋੜ ਤੋਂ ਜ਼ਿਆਦਾ ਫੇਰਿਆਂ ਵਿਚ 702.86 ਕਰੋੜ ਰੁਪਏ ਦਾ ਟੋਲ ਵਸੂਲਿਆ ਗਿਆ। ਇਸ ਤੋਂ ਪਹਿਲਾਂ ਸਤੰਬਰ ਵਿਚ 2.91 ਕਰੋੜ ਫੇਰਿਆਂ ਵਿਚ 658.94 ਕਰੋੜ ਰੁਪਏ ਟੋਲ ਦੀ ਵਸੂਲੀ ਕੀਤੀ ਗਈ ਸੀ। ਫਿਲਹਾਲ ਇਸ ਪ੍ਰਣਾਲੀ ਨਾਲ ਜੁੜੇ 23 ਬੈਂਕ ਫਾਸਟੈਗ ਜਾਰੀ ਕਰ ਰਹੇ ਹਨ, ਜਦਕਿ 10 ਬੈਂਕ ਫਾਸਟੈਗ ਦਾ ਭੁਗਤਾਨ ਪ੍ਰਾਪਤ ਕਰ ਰਹੇ ਹਨ। ਵਰਤਮਾਨ ਵਿਚ ਰਾਸ਼ਟਰੀ ਰਾਜਮਾਰਗਾਂ 'ਤੇ ਸਥਿਤ 528 ਤੋਂ ਜ਼ਿਆਦਾ ਟੋਲ ਪਲਾਜ਼ਾ 'ਤੇ ਫਾਸਟੈਗ ਦੇ ਮਾਰਫ਼ਤ ਟੋਲ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ।'

ਪਹਿਲੀ ਦਸੰਬਰ, 2017 ਤੋਂ ਦੇਸ਼ ਵਿਚ ਬਣਨ ਵਾਲੀਆਂ ਸਾਰੀਆਂ ਨਵੀਆਂ ਕਾਰਾਂ ਵਿਚ ਫਾਸਟੈਗ ਲੱਗ ਕੇ ਆ ਰਿਹਾ ਹੈ। ਹਾਲੇ ਅਧਿਕਾਰਤ ਬੈਂਕ ਸ਼ਾਖਾਵਾਂ ਤੋਂ ਇਲਾਵਾ ਟੋਲ ਪਲਾਜ਼ਾ, ਰਿਟੇਲ ਪੀਓਐੱਸ ਲੋਕੇਸ਼ਨਜ਼ ਤੋਂ ਇਲਾਵਾ ਬੈਂਕਾਂ ਤੇ ਈ-ਕਾਮਰਸ ਵੈੱਬਸਾਈਟਾਂ ਅਤੇ ਮੋਬਾਈਲ ਫੋਨ 'ਤੇ ਮਾਈ ਫਾਸਟੈਗ ਐਪ ਦੇ ਮਾਧਿਅਮ ਨਾਲ ਫਾਸਟੈਗ ਖ਼ਰੀਦਿਆ ਜਾ ਸਕਦਾ ਹੈ। ਨਾਲ ਹੀ ਘੱਟ ਤੋਂ ਘੱਟ 100 ਰੁਪਏ ਦੀ ਰਾਸ਼ੀ ਨਾਲ ਰਿਚਾਰਜ ਕਰਵਾਇਆ ਜਾ ਸਕਦਾ ਹੈ।

ਇੰਜ ਕੰਮ ਕਰਦਾ ਹੈ ਫਾਸਟੈਗ

ਫਾਸਟੈਗ ਇਕ ਸਧਾਰਨ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ (ਆਰਐੱਫਆਈਡੀ) ਟੈਗ ਹੈ ਜਿਸ ਨੂੰ ਵਾਹਨ ਦੇ ਅੱਗੇ ਦੇ ਸ਼ੀਸ਼ੇ ਯਾਨੀ ਵਿੰਡਸ਼ੀਲਡ 'ਤੇ ਚਿਪਕਾਉਣਾ ਪੈਂਦਾ ਹੈ। ਜਦੋਂ ਫਾਸਟੈਗ ਲੱਗਾ ਵਾਹਨ ਟੋਲ ਪਲਾਜ਼ਾ ਤੋਂ ਗੁਜ਼ਰਦਾ ਹੈ ਤਾਂ ਉਥੇ ਲੱਗਾ ਉਪਕਰਣ ਚਾਲਕ ਦੇ ਖਾਤੇ ਤੋਂ ਆਟੋਮੈਟਿਕ ਢੰਗ ਨਾਲ ਟੋਲ ਕੱਟ ਲੈਂਦਾ ਹੈ। ਇਸ ਵਿਵਸਥਾ ਨੇ ਕੈਸ਼ ਵਿਚ ਭੁਗਤਾਨ ਦੇ ਝੰਜਟ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਜ਼ਿਆਦਾਤਰ ਟੋਲ ਪਲਾਜ਼ਾ 'ਤੇ ਫਾਸਟੈਗ ਲੱਗੇ ਵਾਹਨਾਂ ਲਈ ਵੱਖਰੀ ਲਾਈਨ ਦੀ ਵਿਵਸਥਾ ਕੀਤੀ ਗਈ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।