ਪਿਓ ਅਮਿਤਾਭ ਬੱਚਨ ਅਤੇ ਪੁੱਤਰ ਅਭਿਸ਼ੇਕ ਨੂੰ ਹੋਇਆ ਕੋਰੋਨਾ

by

ਮੁੰਬਈ (ਐਨ.ਆਰ.ਆਈ. ਮੀਡਿਆ) : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੂੰ ਸ਼ਨਿਚਰਵਾਰ ਸ਼ਾਮ ਨੂੰ ਮੁੰਬਈ ਦੇ ਨਾਨਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਮਿਤਾਭ ਬੱਚਨ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ....ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ...ਹਸਪਤਾਲ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਹੈ...ਪਰਿਵਾਰ ਅਤੇ ਸਟਾਫ਼ ਦੇ ਵੀ ਟੈਸਟ ਕਰਵਾਏ ਜਾ ਰਹੇ ਹਨ...ਰਿਪੋਰਟ ਦਾ ਇੰਤਜ਼ਾਰ ਹੈ...ਪਿਛਲੇ 10 ਦਿਨਾਂ ਤੋਂ ਜੋ ਵੀ ਮੇਰੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਬੇਨਤੀ ਹੈ। ਅਮਿਤਾਭ ਬੱਚਨ ਨੇ ਆਪਣੀ ਆਖ਼ਰੀ ਫ਼ਿਲਮ ਸ਼ੂਜੀਤ ਸਿਰਕਾਰ ਦੀ ਕਾਮੇਡੀ-ਡਰਾਮਾ 'ਗੁਲਾਬੋ-ਸਿਤਾਬੋ' ਵਿੱਚ ਕੀਤੀ ਹੈ। 


ਫ਼ਿਲਮ ਨੂੰ ਪਹਿਲਾਂ ਥਿਏਟਰਾਂ ਵਿੱਚ ਰੀਲੀਜ਼ ਕੀਤਾ ਜਾਣਾ ਸੀ, ਪਰ ਕੋਰੋਨਾ ਵਾਇਰਸ ਕਰ ਕੇ ਇਸ ਨੂੰ ਐਮਾਜ਼ੋਮ ਪ੍ਰਾਇਮ ਵੀਡੀਓ ਉੱਤੇ ਹੀ ਜਾਰੀ ਕੀਤਾ ਗਿਆ।ਅਮਿਤਾਭ ਦੇ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। 


ਅਭਿਸ਼ੇਕ ਬੱਚਨ ਨੇ ਟਵੀਟਰ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੇ ਪਿਤਾ ਅਤੇ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਸਾਡੇ ਦੋਵਾਂ ਵਿੱਚ ਕੋਰੋਨਾ ਦੇ ਕੁੱਝ ਲੱਛਣ ਹਨ, ਜਿਸ ਤੋਂ ਬਾਅਦ ਸਾਨੂੰ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ। ਅਸੀਂ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਸਟਾਫ਼ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ।