ਪਹਿਲਾਂ 10 ਸਾਲ ਅਕਾਲੀਆਂ ਨੇ ਲੁੱਟਿਆ-ਕੁੱਟਿਆ ਤੇ ਹੁਣ ਇਹੋ ਹਾਲ ਕਾਂਗਰਸ ਦਾ – ਭਗਵੰਤ ਮਾਨ

by mediateam

ਜਲਾਲਾਬਾਦ (ਇੰਦਰਜੀਤ ਸਿੰਘ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕਾ ਜਲਾਲਾਬਾਦ ਉਪ ਚੋਣ ਦੇ 'ਆਪ' ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਪਿੰਡ ਚੱਕ ਅਰਾਈਆਂਵਾਲਾ ਉਰਫ਼ ਫਲੀਆਂਵਾਲਾ, ਮੰਨੇਵਾਲਾ ਝੁੱਗੇ ਜਵਾਹਰ ਸਿੰਘ ਵਾਲਾ, ਕਮਰੇਵਾਲਾ,ਮੋਹਕਮ ਅਰਾਈ, ਢੰਡੀ ਖੁਰਦ, ਢੰਡੀ ਕਦੀਮ, ਸਬਾਜਕੇ, ਆਲਮਕੇ, ਸੰਤੋਖ ਸਿੰਘ ਵਾਲਾ, ਬੱਘੇਕੇ, ਸੋਹਣਾ ਸਾਂਦੜ, ਧਰਮੂ ਵਾਲਾ, ਫੱਤੂਵਾਲਾ, ਜੋਧਾ ਭੈਣੀ, ਚੱਕ ਟਾਹਲੀਵਾਲਾ, ਚੱਕ ਖੀਵਾ, ਭੱਬਾ ਵੱਟੂ, ਲੱਖਾ ਮੁਸਾਹਿਬ, ਜਵਾਲੇਵਾਲਾ, ਖੁੰਡਵਾਲਾ, ਹੀਰੇਵਾਲਾ, ਘੁਬਾਇਆ, ਟਰਿਆ, ਮੋਜਾ, ਲਮੋਚੜ, ਸੁਖੇਰਾ, ਲੱਧੂਵਾਲਾ ਹਿਠਾੜ ਆਦਿ 'ਚ ਚੁਣਾਵੀ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਚਾਰ ਕੀਤਾ ਗਿਆ।

ਇਨ੍ਹਾਂ ਪਿੰਡਾਂ 'ਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਜਨਤਾ ਨੂੰ ਪਹਿਲਾਂ 10 ਸਾਲ ਅਕਾਲੀਆਂ ਨੇ ਲੁੱਟਿਆ ਤੇ ਕੁੱਟਿਆ ਹੈ। ਹੁਣ ਵੀ ਇਹੋ ਹਾਲ ਢਾਈ ਸਾਲਾਂ ਤੋਂ ਕਾਂਗਰਸੀ ਕਰ ਰਹੇ ਹਨ। ਹਾਲਾਤ ਇਕੋ ਜਿਹੇ ਹਨ ਕਿਉਂਕਿ ਪਹਿਲਾਂ ਨੌਕਰੀਆਂ ਲਈ ਨੌਜਵਾਨ ਬਠਿੰਡਾ ਕੁੱਟ ਖਾਣ ਜਾਂਦੇ ਸਨ ਤੇ ਹੁਣ ਪਟਿਆਲੇ ਜਾਣਾ ਪੈਂਦਾ ਹੈ। ਸੂਬੇ ਦੀ ਕਾਂਗਰਸ ਸਰਕਾਰ ਦੇ ਸ਼ਾਸਲਕਾਲ ਦੇ ਢਾਈ ਸਾਲ ਹੋ ਚੱਲੇ ਹਨ ਪਰ ਤ੍ਰਾਸਦੀ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਮਹਿਲਾਂ 'ਚੋਂ ਬਾਹਰ ਨਹੀਂ ਨਿਕਲੇ। ਨਿਕਲੇ ਵੀ ਤਾਂ ਸਿਰਫ਼ ਪਹਾੜੀ ਇਲਾਕੇ ਵਿਚ ਗਏ ਹਨ।ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀ ਉਦਹਾਰਣ ਦਿੰਦੇ ਹੋਏ ਕਿਹਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਕੂਲਾਂ 'ਚ ਸੁਧਾਰ ਕਰ ਦਿੱਤਾ ਜਿੱਥੇ ਹਰੇਕ ਵਰਗ ਦੇ ਬੱਚੇ ਇੱਕੋ ਸਕੂਲ 'ਚ ਪੜ੍ਹਦੇ ਹਨ ਤੇ ਬਿਜਲੀ ਦੇ ਬਿੱਲ ਘੱਟ ਕਰ ਦਿੱਤੇ ਗਏ ਹਨ। ਪਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਾ ਤਾਂ ਕੋਈ ਅਧਿਆਪਕ ਹੈ, ਜੋ ਬੱਚਿਆਂ ਨੂੰ ਪੜ੍ਹਾਉਣ, ਰੁਜਗਾਰ ਲਈ ਮਾਸਟਰ ਟੈਕੀਆਂ 'ਤੇ ਚੱੜੇ ਬੈਠੇ ਹਨ ਅਤੇ ਸਰਕਾਰੀ ਸਕੂਲ 'ਚ ਸਿਰਫ ਬੱਚਿਆਂ ਨੂੰ ਚਮਚਾ ਤੇ ਕੋਲੀ ਲੈ ਕੇ ਆਉਣਾ ਲਾਜਮੀ ਕਰ ਦਿੱਤਾ ਗਿਆ ਅਤੇ ਕਿਤਾਬਾਂ 'ਤੇ ਕਾਪੀਆਂ ਚਾਹੇ ਕੋਲ ਨਾ ਹੋਣ।

ਇਹ ਸਭ ਕੁਝ ਅਕਾਲੀ 'ਤੇ ਕਾਂਗਰਸੀ ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਗਰੀਬ ਲੋਕਾਂ ਦੇ ਬੱਚੇ ਪੜ੍ਹ ਲਿੱਖ ਨਾ ਸੱਕਣ ਅਤੇ ਜੇਕਰ ਇਹੋ ਬੱਚੇ ਪੜ੍ਹ ਲਿਖ ਗਏ ਤਾਂ ਸਾਡੇ ਲਈ ਖਤਰਾ ਬਣ ਸਕਦੇ ਹਨ।ਮਾਨ ਨੇ ਕਿਹਾ ਕਿ ਅਸੀਂ ਲੋਕ ਹੀ ਲੀਡਰਾਂ ਨੂੰ ਸ਼ਕਤੀਆਂ ਦਿੰਦੇ ਹਾਂ ਅਤੇ ਇਹੀ ਸ਼ਕਤੀਆਂ ਸਾਡੇ ਵਿਰੁੱਧ ਵਰਤਦੇ ਹਨ। ਸੜਕਾਂ ਤੇ ਨਾਲੀਆਂ ਬਣਾਉਣਾ ਕੋਈ ਅਸਾਨ ਨਹੀਂ ਹੈ ਇਹ ਤਾਂ ਸਾਡਾ ਪਹਿਲਾਂ ਫਰਜ ਬਣਦਾ ਹੈ ਅਤੇ ਇਹ ਗ੍ਰਾਂਟਾਂ ਸਾਡੇ ਵੱਲੋਂ ਦਿੱਤੇ ਜਾਣ ਵਾਲੇ ਟੈਕਸ ਦੀਆਂ ਗ੍ਰਾਂਟਾਂ ਹੀ ਮਿਲਦੀਆਂ ਹਨ, ਜਿਨ੍ਹਾਂ ਨਾਲ ਅਸੀਂ ਆਪਣੇ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਉਦੇ ਹਾਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਂਦਵਾਰ ਮਹਿੰਦਰ ਸਿੰਘ ਕਚੂਰਾ, ਬਲਦੇਵ ਸਿੰਘ ਜੋਨ ਪ੍ਰਧਾਨ, ਨਰੇਸ਼ ਘੁਬਾਇਆ, ਅਸ਼ੋਕ ਲਮੋਚੜ, ਅਸ਼ੋਕ ਲਮੋਚੜ, ਡਾ.ਰਜਿੰਦਰ, ਪ੍ਰੇਮ ਢਾਬਾਂ, ਸੁਰਿੰਦਰ ਕਚੂਰਾ, ਰਤਨ ਸਿੰਘ, ਨਰੈਣ ਟਿਵਾਨਾ, ਸੁਰਜਨ ਸਿੰਘ ਦਿਹਾਂਤੀ ਪ੍ਰਧਾਨ, ਹਰਬੰਸ ਸਿੰਘ ਆਦਿ ਮੌਜੂਦ ਸਨ।