ਧੂਮਧਾਮ ਨਾਲ ਮਨਾਇਆ ਗਿਆ ਅਕਾਲ ਅਕਾਦਮੀ ਮੰਡੇਰ ਦੋਨਾ ਦਾ ਸਾਲਾਨਾ ਸਮਾਰੋਹ

by mediateam

ਜਲੰਧਰ : ਅਕਾਲ ਅਕਾਦਮੀ ਮੰਡੇਰ ਦੋਨਾ ਦਾ ਸਾਲਾਨਾ ਉਤਸਵ ਬੁਧਵਾਰ ਨੂੰ ਧੂਮਧਾਮ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਕਲਗੀਧਰ ਟ੍ਰਸਟ ਦੇ ਵਾਈਸ ਚੇਅਰਮੈਨ ਅਤੇ ਸਾਬਕਾ ਕੁਲਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਡਾਕਟਰ ਖੇਮ ਸਿੰਘ ਗਿੱਲ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ, ਇਸ ਦੇ ਇਲਾਵਾ ਸਮਾਰੋਹ ਵਿੱਚ ਸੰਤ ਬਾਬਾ ਦਇਆ ਸਿੰਘ, ਸਰਦਾਰ ਪ੍ਰਿੰਸੀਪਲ ਭਜਨ ਸਿੰਘ ਮੰਡੇਰ, ਪ੍ਰਿੰਸੀਪਲ ਹਰਪ੍ਰੀਤ ਕੌਰ ਸਾਹਨੀ, ਅਕਾਲ ਅਕੈਡਮੀ ਬਿਲਗਾ ਵੀ ਮੁੱਖ ਤੌਰ 'ਤੇ ਹਾਜ਼ਰ ਸਨ।ਸਮਾਰੋਹ ਦਾ ਸ਼ੁਭ ਆਰੰਭ ਸ਼ਬਦ ਕੀਰਤਨ ਦੇ ਨਾਲ ਸ਼ੁਰੂ ਹੋਇਆ ਪ੍ਰਿੰਸੀਪਲ ਮਨਜੀਤ ਕੌਰ ਮਾਹਲ ਨੇ ਸਾਲਾਨਾ ਰਿਪੋਰਟ ਪ੍ਰਸਤੁੱਤ ਕਰਕੇ ਸਕੂਲ ਦੀਆਂ ਗਤੀਵਿਧੀਆਂ ਨਾਲ ਮੁੱਖ ਮਹਿਮਾਨ, ਮਾਪਿਆਂ ਅਤੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਇਆ, ਇਸ ਮੌਕੇ 'ਤੇ ਵਿਦਿਆਰਥੀਆਂ ਨੇ ਭਿੰਨ ਭਿੰਨ ਸੰਸਕ੍ਰਿਤਕ ਪ੍ਰੋਗਰਾਮ ਪ੍ਰਸਤੁੱਤ ਕੀਤੇ।

ਪ੍ਰੋਗਰਾਮ ਵਿੱਚ ਪਿਛਲੇ ਸਾਲ ਸਕੂਲ ਵਿੱਚ ਵੱਖ ਵੱਖ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ ਜਿਸ ਵਿੱਚ ਪੰਜਵੀ ਜਮਾਤ ਦੇ ਹਰਸਿਮਰਨ ਸਿੰਘ, ਛੇਵੀਂ ਜਮਾਤ ਦੇ ਅਮਾਨਤਪ੍ਰੀਤ, ਸੱਤਵੀ ਦੀ ਪ੍ਰਭਪ੍ਰੀਤ ਕੌਰ, ਅੱਠਵੀਂ ਦੀ ਰਮਨਦੀਪ ਕੌਰ ਨੂੰ ਪਹਿਲਾ ਪੁਰਸਕਾਰ ਦਿੱਤਾ ਗਿਆ। ਆਦੇਸ਼ਪਾਲ ਸਿੰਘ, ਦਿਲਾਵਰ ਸਿੰਘ, ਸਿਮਰਨਜੀਤ ਕੌਰ ਨੂੰ ਸਕੂਲ ਵਿੱਚ ਸੌ ਫੀਸਦੀ ਹਾਜਰੀ ਲਈ ਪੁਰਸਕਾਰ ਦਿੱਤੇ ਗਏ। ਜਸਨੂਰ ਕੌਰ, ਦਿਵਜੋਤ ਕੌਰ ਨੂੰ ਵਰਦੀ ਦੇ ਲਈ ਪੁਰਸਕਾਰ ਦਿੱਤਾ ਗਿਆ। ਬੈਸਟ ਸਪੋਕਨ ਇੰਗਲਿਸ਼ ਦਾ ਖਿਤਾਬ ਸੁਖਨੀਤ ਕੌਰ ਅਤੇ ਮਨਸੀਰਤ ਨੂੰ ਦਿੱਤਾ ਗਿਆ। ਉਸ ਤੋਂ ਬਾਅਦ ਮੁੱਖ ਮਹਿਮਾਨ ਡਾਕਟਰ ਖੇਮ ਸਿੰਘ ਗਿੱਲ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਿੱਖਿਆ ਵਿਕਾਸ ਦਾ ਮੁੱਖ ਆਧਾਰ ਹੈ ਇਸ ਲਈ ਸਾਨੂੰ ਸਭ ਨੂੰ ਸਿੱਖਿਆ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ।

ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਅਤੇ ਦੂਜੀਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੇਡ ਇੱਕ ਅਜਿਹੀ ਪ੍ਰਕਿਰਿਆ ਹੈ, ਖੇਡਾਂ ਖੇਡਣ ਨਾਲ ਅਸੀਂ ਮਾਨਸਿਕ ਅਤੇ ਸਰੀਰਕ ਰੂਪ ਪੱਖੋਂ ਤੰਦਰੁਸਤ ਰਹਿੰਦੇ ਹਾਂ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਮਨਜੀਤ ਕੌਰ ਮਾਹਲ ਨੇ ਕਿਹਾ ਕਿ ਸਿੱਖਿਆ ਦੇ ਬਿਨਾ ਮਨੁੱਖੀ ਜੀਵਨ ਅਧੂਰਾ ਹੈ, ਇਸ ਲਈ ਹਰ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਕਿਤਾਬੀ ਗਿਆਨ ਦੇ ਨਾਲ ਨਾਲ ਸਮਾਜ਼ ਦੇ ਪ੍ਰਤੀ ਆਪਣੇ ਫਰਜਾਂ ਦਾ ਵੀ ਗਿਆਨ ਲੈਣ ਤਾਂ ਕਿ ਉਹ ਆਪਣੀ ਸੰਸਕ੍ਰਿਤੀ ਦਾ ਪਾਲਣ ਕਰ ਸਕਣ।