ਸ਼ਤਾਬਦੀ ਸਮਾਗਮਾਂ ਮੌਕੇ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

by

ਕਪੂਰਥਲਾ (ਇੰਦਰਜੀਤ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਏ ਸ਼ਤਾਬਦੀ ਸਮਾਗਮਾਂ ਮੌਕੇ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਅੱਜ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਗਮਾਂ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮਿਹਨਤ, ਤਨਦੇਹੀ ਅਤੇ ਸੇਵਾ ਸਮਝ ਕੇ ਕੀਤੀ ਡਿੳੂਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਦੇ ਆਪਸੀ ਤਾਲਮੇਲ ਨਾਲ ਇਹ ਵਿਸ਼ਾਲ ਸਮਾਗਮ ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜੇ। ਉਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਸੀ, ਜਿਸ ਵਿਚ 70 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਉਹ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ। 

ਉਨਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ, ਜਿਨਾਂ ਵਿਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ। ਉਨਾਂ ਦੱਸਿਆ ਕਿ ਵਾਹਿਗੁਰੂ ਦੀ ਮਿਹਰ ਅਤੇ ਪੂਰੇ ਯੋਜਨਾਬੱਧ ਢੰਗ ਨਾਲ ਕੀਤੇ ਗਏ ਪ੍ਰਬੰਧਾਂ ਸਦਕਾ ਇਹ ਸਮਾਗਮ ਸਫ਼ਲਤਾ ਪੂਰਵਕ ਸੰਪੂਰਨ ਹੋਏ। ਉਨਾਂ ਦੱਸਿਆ ਕਿ 1 ਤੋਂ 15 ਨਵੰਬਰ ਤੱਕ ਚੱਲੇ ਸਮਾਗਮਾਂ ਦੌਰਾਨ ਸ਼ਰਧਾਲੂਆਂ ਲਈ 400 ਬੱਸਾਂ ਅਤੇ 400 ਈ-ਰਿਕਸ਼ਾ ਸ਼ਹਿਰ ਦੇ ਅੰਦਰ ਚਲਾਏ ਗਏ। ਇਸੇ ਤਰਾਂ 5368 ਪੁਲਿਸ ਕਰਮੀ 24 ਘੰਟੇ ਡਿੳੂਟੀ ’ਤੇ ਤਾਇਨਾਤ ਰਹੇ। ਇਸ ਤੋਂ ਇਲਾਵਾ 5150 ਵਲੰਟੀਅਰ ਅਤੇ 4500 ਸਫ਼ਾਈ ਕਰਮੀਆਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਸਾਰੀਆਂ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖਣ ਲਈ 516 ਸੀ. ਸੀ. ਟੀ. ਵੀ ਕੈਮਰੇ ਲਗਾਏ ਗਏ। ਇਸ ਮੌਕੇ ਲਗਾਏ ਗਏ 85 ਲੰਗਰਾਂ ਵਿਚ 16400 ਸੇਵਾਦਾਰਾਂ ਨੇ ਸੇਵਾ ਕੀਤੀ ਅਤੇ ਇਨਾਂ ਲੰਗਰਾਂ ਵਿਚ 50 ਲੱਖ ਤੋਂ ਵੱਧ ਸੰਗਤ ਨੇ ਲੰਗਰ ਛਕਿਆ। 

ਇਸ ਤੋਂ ਇਲਾਵਾ ਲਗਾਤਾਰ 15 ਦਿਨ ਚੱਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ’ਤੇ ਆਧਾਰਿਤ ਮੈਗਾ ਲਾਈਟ ਐਂਡ ਸਾੳੂਂਡ ਸ਼ੋਅ ਦਾ 2.54 ਲੱਖ ਸ਼ਰਧਾਲੂਆਂ ਨੇ ਆਨੰਦ ਮਾਣਿਆ। ਇਸੇ ਤਰਾਂ 15 ਦਿਨਾਂ ਵਿਚ 37 ਲੱਖ ਦੇ ਕਰੀਬ ਸ਼ਰਧਾਲੂ ਮੇਨ ਪੰਡਾਲ ਵਿਚ ਪਹੁੰਚੇ। ਇਸ ਤੋਂ ਇਲਾਵਾ ਸੰਗਤਾਂ ਦੇ ਠਹਿਰਨ ਲਈ ਬਣਾਈਆਂ ਗਈਆਂ ਤਿੰਨ ਟੈਂਟ ਸਿਟੀਆਂ ਵਿਚ 2 ਲੱਖ 35 ਹਜ਼ਾਰ ਤੋਂ ਵੱਧ ਸੰਗਤਾਂ ਨੇ ਨਿਵਾਸ ਕੀਤਾ, ਜਿਹੜਾ ਕਿ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਦੇ ਠਹਿਰਾਅ ਤੋਂ ਵੱਧ ਸੀ। ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ, ਜਿਨਾਂ ਨੂੰ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਨ ਅਤੇ ਸੇਵਾ ਕਰਨ ਦਾ ਮੌਕਾ ਮਿਲਿਆ। ਕਪੂਰਥਲਾ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਉਹ ਹਮੇਸ਼ਾ ਉਨਾਂ ਦੇ ਰਿਣੀ ਰਹਿਣਗੇ। ਉਨਾਂ ਕਿਹਾ ਕਿ ਆਪਣੇ 10 ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਉਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ, ਜਿਨਾਂ ਵਿਚ ਸੁਲਤਾਨਪੁਰ ਲੋਧੀ ਇਲਾਕੇ ਵਿਚ ਆਏ ਹੜ, ਲੋਕ ਸਭਾ ਚੋਣਾਂ ਅਤੇ ਧਰਨੇ-ਮੁਜ਼ਾਹਰੇ ਆਦਿ ਸ਼ਾਮਿਲ ਸਨ। 

ਪਰੰਤੂ ਆਪਣੇ ਯੋਗ ਅਧਿਕਾਰੀਆਂ ਦੇ ਸਹਿਯੋਗ ਨਾਲ ਇਨਾਂ ਚੁਣੌਤੀਆਂ ਤੋਂ ਬਹੁਤ ਹੀ ਵਧੀਆ ਢੰਗ ਨਾਲ ਪਾਰ ਪਾਇਆ ਗਿਆ। ਉਨਾਂ ਕਪੂਰਥਲਾ ਦੇ ਮੀਡੀਆ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਬਹੁਤ ਖੁਸ਼ੀ ਹੈ ਕਿ ਕਪੂਰਥਲਾ ਦਾ ਪੱਤਰਕਾਰ ਭਾਈਚਾਰਾ ਜ਼ਿਲੇ ਦੀ ਬਿਹਤਰੀ ਅਤੇ ਵਿਕਾਸ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਇਸ ਮੌਕੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਤਾਬਦੀ ਸਮਾਗਮਾਂ ਮੌਕੇ ਨਿਭਾਈ ਸੇਵਾ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਵੱਲੋਂ ਮਿਲੀ ਯੋਗ ਅਗਵਾਈ ਲਈ ਉਨਾਂ ਦਾ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਐਸ. ਪੀ ਸ. ਮਨਦੀਪ ਸਿੰਘ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਤੇ ਸ੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ, ਡੀ. ਐਸ. ਪੀ ਸ. ਵਿਸ਼ਾਲਜੀਤ ਸਿੰਘ ਤੇ ਸ. ਸੰਦੀਪ ਸਿੰਘ ਮੰਡ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ. ਪਰਮਜੀਤ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।