ਚੋਣਾਂ ਵਿਚ ਮਿਲੇ ਦੋ ਗੰਨਮੈੱਨ ‘ਵਾਪਸ ਲੈ ਲੈਣ ਤੋਂ ਖ਼ਫਾ ਆਜ਼ਾਦ ਉਮੀਦਵਾਰ ਪਾਣੀ ਦੀ ਟੈਂਕੀ ‘ਤੇ ਗਿਆ ਚੜ੍ਹ

by

ਪਟਿਆਲਾ : ਸੁਰੱਖਿਆ ਮੁਲਾਜ਼ਮ ਵਾਪਸ ਲੈਣ ਲਈ ਆਜ਼ਾਦ ਉਮੀਦਵਾਰ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਲਈ ਹੈ। ਚੋਣਾਂ ਵਿਚ ਮਿਲੇ ਦੋ ਗੰਨਮੈੱਨ 'ਚੋਂ ਪ੍ਰਸ਼ਾਸਨ ਵਲੋਂ ਇਕ ਵਾਪਸ ਲੈ ਲੈਣ ਤੋਂ ਖ਼ਫਾ ਲੋਕ ਸਭਾ ਹਲਕਾ ਤੋਂ ਆਜ਼ਾਦ ਉਮੀਦਵਾਰ ਰਾਜਪੁਰਾ ਰੋਡ ਸਥਿਤ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ ਹੈ। ਉਮੀਦਵਾਰ ਵੱਲੋਂ ਪ੍ਰਸ਼ਾਸਨ 'ਤੇ ਸੁਰੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਪੱਖਪਾਤ ਦੇ ਦੋਸ਼ ਲਾਉਂਦਿਆਂ ਸਰਕਾਰ ਤੋਂ ਭੰਗ ਕੀਤੀਆਂ ਟਰੱਕ ਯੂਨੀਅਨ ਮੁੜ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਭਾਦਸੋ ਵਾਸੀ ਮੱਖਣ ਸਿੰਘ ਇੱਥੋਂ ਦੀ ਟਰੱਕ ਯੂਨੀਅਨ ਦਾ ਪ੍ਰਧਾਨ ਹੈ, ਜੋ ਇਸ ਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉੱਤਰਿਆ ਹੈ। ਸੋਮਵਾਰ ਦੁਪਹਿਰ ਮੱਖਣ ਸਿੰਘ ਪਟਿਆਲਾ ਆਇਆ ਸੀ ਤੇ ਅਚਾਨਕ ਇਥੇ ਨੇੜੇ ਸਥਿਤ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ।

ਮੱਖਣ ਸਿੰਘ ਅਨੁਸਾਰ ਚੋਣਾਂ ਨੂੰ ਲੈ ਕੇ ਉਸ ਨੂੰ ਪ੍ਰਸ਼ਾਸਨ ਵਲੋਂ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਸਨ, ਪਰ ਬੀਤੇ ਦਿਨ ਉਸ ਦਾ ਇਕ ਗੰਨਮੈਨ ਵਾਪਸ ਲੈ ਲਿਆ ਹੈ। ਪ੍ਰਸ਼ਾਸਨ 'ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਮੱਖਣ ਨੇ ਕਿਹਾ ਕਿ ਹੋਰਨਾ ਰਸੂਖਦਾਰ ਉਮੀਦਵਾਰਾਂ 'ਤੇ ਪ੍ਰਸ਼ਾਸਨ ਵਲੋਂ ਖਾਸ ਮਿਹਰਬਾਨੀ ਦਿਖਾਈ ਜਾ ਰਹੀ ਹੈ।ਆਜ਼ਾਦ ਉਮੀਦਵਾਰ ਨੇ ਕਿਹਾ ਕਿ ਸਰਕਾਰ ਵਲੋਂ ਟਰੱਕ ਯੂਨੀਅਨ ਭੰਗ ਕਰ ਕੇ ਟਰੱਕ ਅਪਰੇਟਰਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ। ਨੌਜਵਾਨ ਰੁਜ਼ਗਾਰ ਲਈ ਧੱਕੇ ਖਾ ਰਹੇ ਹਨ। ਇਸ ਸਭ ਨੂੰ ਮੁੱਦਾ ਬਣਾ ਕੇ ਉਹ ਚੋਣ ਮੈਦਾਨ ਵਿਚ ਉੱਤਰਿਆ ਸੀ। ਮੱਖਣ ਦਾ ਦੋਸ਼ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਧੱਕੇਸ਼ਾਹੀ ਸ਼ੁਰੂ ਹੋ ਗਈ ਹੈ। ਇਸ ਲਈ ਉਹ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਹੈ ਤੇ ਮੰਗਾਂ ਪੂਰੀਆਂ ਹੋਣ 'ਤੇ ਹੀ ਹੇਠਾ ਉਤਰੇਗਾ।