ਨਹੀਂ ਬਰਦਾਸ਼ਤ ਕੀਤੀ ਜਾਵੇਗੀ ਸੂਬਿਆਂ ਚ ਦਖ਼ਲਅੰਦਾਜ਼ੀ : ਸਿੰਗਲਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ’ਚ ਸੀ.ਬੀ.ਐੱਸ.ਈ. ਦੇ ਮੁੱਖ ਵਿਸ਼ਿਆਂ ’ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣਾ ਬੇਹੱਦ ਮੰਦਭਾਗਾ ਹੈ ਅਤੇ ਇਸ ਫ਼ੈਸਲੇ ਨੂੰ ਤੁਰੰਤ ਬਦਲਣ ਦੀ ਜ਼ਰੂਰਤ ਹੈ।

ਮੰਤਰੀ ਨੇ ਕਿਹਾ ਕਿ ਪੰਜਾਬੀ ਦੇਸ਼ ਦੇ ਉੱਤਰੀ ਖ਼ਿੱਤੇ ਦੇ ਕਰੋੜਾਂ ਵਸਨੀਕਾਂ ਦੀ ਮਾਂ ਬੋਲੀ ਹੈ ਅਤੇ ਉਨ੍ਹਾਂ ਦੀ ਮਾਤ ਭਾਸ਼ਾ ਨੂੰ ‘ਛੋਟੇ’ ਵਿਸ਼ਿਆਂ ਦੀ ਸੂਚੀ ’ਚ ਪਾਉਣ ਦਾ ਕਦਮ ਵਿਦਿਆਰਥੀਆਂ ਦੇ ਸੰਵਿਧਾਨਿਕ ਅਧਿਕਾਰਾਂ ’ਤੇ ਹਮਲੇ ਦਾ ਸਪੱਸ਼ਟ ਸੰਕੇਤ ਹੈ।

ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੂਬਿਆਂ ਦੇ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਡੀ ਸਰਕਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਜਿਹੇ ਹਰ ਕਦਮ ਦਾ ਵਿਰੋਧ ਕਰੇਗੀ, ਜਿਸ ਦਾ ਉਦੇਸ਼ ਸੂਬਿਆਂ ਦੀਆਂ ਸ਼ਕਤੀਆਂ ਨੂੰ ਕੁਚਲਣਾ ਹੈ।

ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ’ਚ ਵਾਧਾ ਕਰਨ ਅਤੇ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ’ਚੋਂ ਕੱਢਣ ਵਰਗੀਆਂ ਨੀਤੀਆਂ ਭਾਜਪਾ ਸਰਕਾਰ ਦੇ ਸੌੜੇ ਸਿਆਸੀ ਹਿੱਤਾਂ ਨੂੰ ਦਰਸਾਉਂਦੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਆਪਣੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਜੋ ਭਾਰਤੀ ਸੰਵਿਧਾਨ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਵੱਲੋਂ ਨਿਰਧਾਰਤ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ ਪਰ ਮੋਦੀ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਸੰਵਿਧਾਨ ਨੂੰ ਅਣਗੌਲਿਆ ਕਰ ਕੇ ਫ਼ੈਸਲੇ ਲੈ ਰਹੀ ਹੈ।