ISIS ਨੂੰ ਭਾਰਤੀ ਫ਼ੌਜ ਦੀਆਂ ਖ਼ੁਫ਼ੀਆ ਜਾਣਕਾਰੀਆਂ ਦੇਣ ਵਾਲਾ ਏਜੰਟ ਗ੍ਰਿਫਤਾਰ

by

ਅਟਾਰੀ : ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਥਾਣਾ ਘਰਿੰਡਾ ਨੇ ਪਿਛਲੇ ਦਿਨੀਂ ਦੇਸ਼ਧਰੋਹ ਦੇ ਦੋਸ਼ ਅਤੇ ਸਮਾਜ ਵਿਰੋਧੀ ਮਾੜੇ ਅਨਸਰ ਨੂੰ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ ਨਾਲ ਹੱਥ ਮਿਲਾ ਕੇ ਭਾਰਤੀ ਫ਼ੌਜ ਦੀਆਂ ਖ਼ੁਫ਼ੀਆ ਜਾਣਕਾਰੀਆਂ ਦੇਣ ਵਾਲੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੁਹਾਵਾ ਦੇ ਵਸਨੀਕ ਫ਼ੌਜੀ ਮਲਕੀਤ ਸਿੰਘ ਨੇ ਪੁਲਿਸ ਥਾਣਾ ਘਰਿੰਡਾ ਨੂੰ ਪੁੱਛਗਿਛ ਦੌਰਾਨ ਦੱਸਿਆ ਕਿ ਉਸਦਾ ਸਾਥੀ ਗੱਜਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੱਕ ਅੱਲਾ ਬਖਸ਼ ਥਾਣਾ ਲੋਪੋਕੇ ਵੀ ਉਸਦੇ ਨਾਲ ਧੰਦੇ ਵਿੱਚ ਸ਼ਾਮਲ ਹੈ, ਜਿਸ 'ਤੇ ਐੱਸਐੱਚਓ ਪ੍ਰਭਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਪਿੰਡ ਰਣੀਕੇ ਮੋੜ ਤੋਂ ਇੱਕ ਵਰਨਾ ਕਾਰ ਸਮੇਤ ਗ੍ਰਿਫਤਾਰ ਕਰ ਲਿਆ।

ਉਸ ਦੇ ਕਬਜ਼ੇ 'ਚੋਂ 10 ਗ੍ਰਾਮ ਹੈਰੋਇਨ, ਕਾਰ ਦੀ ਆਰਸੀ, ਡਰਾਈਵਿੰਗ ਲਾਈਸੈਂਸ, ਇਕ ਮੋਬਾਈਲ ਸੈਮਸੰਗ ਰੰਗ ਕਾਲਾ ਸਮੇਤ ਸਿਮ ਬਰਾਮਦ ਹੋਇਆ ਹੈ। ਗੱਜਣ ਸਿੰਘ ਦੇ ਫਰਦ ਇਨਸਾਫ ਮੁਤਾਬਿਕ ਘਰ ਦੇ ਨਜ਼ਦੀਕ ਬਣੀ ਪਸ਼ੂਆਂ ਦੀ ਖੁਰਲੀ ਵਿਚੋਂ ਇੱਕ ਮੋਬਾਈਲ ਫੋਨ ਰੰਗ ਕਾਲਾ ਸਮੇਤ ਸਿਮ ਬ੍ਰਾਮਦ ਕਰਵਾਇਆ ਹੈ, ਪੁੱਛਗਿੱਛ ਦੌਰਾਨ ਗੱਜਣ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ ਰਹਿ ਚੁੱਕਾ ਹੈ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਫ਼ੌਜੀ ਮਲਕੀਤ ਸਿੰਘ ਖ਼ਿਲਾਫ਼ 8 ਮਈ ਨੂੰ ਜੁਰਮ 3,4,5,9 ਸਿਕਰੇਟ ਐਕਟ 1923, 120-ਬੀ, ਆਈਪੀਸੀ ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਸੀ।