ਫਤਹਿਵੀਰ ਮੌਤ ਮਾਮਲੇ ‘ਚ NDRF ਪੰਜਾਬ ਦੇ ਮੁੱਖ ਸੱਕਤਰ, ਸੰਗਰੂਰ ਦੇ SP ਤੇ DC ਨੂੰ ਨੋਟਿਸ ਜਾਰੀ, ਹਾਈਕੋਰਟ ਨੇ ਮੰਗਿਆ ਜਵਾਬ

by mediateam

ਚੰਡੀਗੜ : ਸੁਨਾਮ ਦੇ ਪਿੰਡ ਭਗਵਾਨਪੁਰਾ 'ਚ ਦੋ ਸਾਲ ਦੇ ਫਤਹਿਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਹੋਣ ਦੇ ਮਾਮਲੇ 'ਚ ਹਾਈਕੋਰਟ ਨੇ ਐਨਡੀਆਰਐਫ ਪੰਜਾਬ ਦੇ ਮੁੱਖ ਸੱਕਤਰ, ਸੰਗਰੂਰ ਦੇ ਐੱਸਪੀ ਤੇ ਡੀਸੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਹਾਈਕੋਰਟ ਨੇ ਇਸ ਮਾਮਲੇ 'ਚ ਕੀਤੀ ਗਈ ਕਾਰਵਾਈ ਦੀ ਜਾਂਚ ਰਿਪੋਰਟ ਵੀ ਤਲਬ ਕੀਤੀ ਹੈ।ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਵਕੀਲ ਸੱਤਪਾਲ ਜੈਨ ਨੇ ਕੋਰਟ 'ਚ ਕਿਹਾ ਕਿ ਇਹ ਮਾਮਲਾ ਸਿਰਫ਼ ਫਤਹਿਵੀਰ ਦਾ ਨਹੀਂ ਬਲਕਿ ਦੇਸ਼ ਦੇ ਸਾਰੇ ਬੱਚਿਆਂ ਦਾ ਹੈ। 

ਇਸ ਮਾਮਲੇ 'ਚ ਉਨ੍ਹਾਂ ਸਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬੋਰਵੈੱਲ ਦੀ ਸਾਈਟ ਦਾ ਵਿਜ਼ਿਟ ਕਰਨਾ ਚਾਹੀਦਾ ਸੀ ਜਾਂ ਨਿਯਮਾਂ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਸੀ।

ਬੀਤੇ ਛੇ ਮਹੀਨਿਆਂ 'ਚ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ 'ਚ ਦੋ ਸਾਲ ਦਾ ਫਤਹਿਵੀਰ 140 ਫੁੱਟ ਡੂੰਘੇ 10 ਸਾਲ ਪੁਰਾਣੇ ਬੋਰਵੈਲ 'ਚ ਡਿੱਗ ਗਿਆ ਸੀ। ਬਚਾਅ ਅਭਿਆਨ ਚਲਾ ਕੇ ਉਸ ਨੂੰ ਪੰਜ ਦਿਨਾਂ ਬਾਅਦ ਬੋਰਵੈੱਲ 'ਚੋਂ ਕੱਢ ਤਾਂ ਲਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਬੱਚੇ ਨੂੰ ਬੋਰਵੈੱਲ ਤੋਂ ਕੱਢਣ ਉਪਰੰਤ ਐਂਬੂਲੈਂਸ 'ਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ। 

ਉੱਥੋਂ ਚੰਡੀਗੜ੍ਹ ਪੀਜੀਆਈ ਰੈੱਫਰ ਕਰ ਦਿੱਤਾ ਗਿਆ। ਪੀਜੀਆਈ 'ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਸੀ। ਪੋਸਟਮਾਰਟਮ ਮੁਤਾਬਿਕ ਫਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਪੀਜੀਆਈ ਵੱਲੋਂ ਜਾਰੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਦੋਂ ਬੱਚੇ ਨੂੰ ਲਿਜਾਇਆ ਗਿਆ ਉਸ ਦੀ ਨਾੜੀ ਨਹੀਂ ਚੱਲ ਰਹੀ ਸੀ। ਹਾਰਟ 'ਚ ਕੋਈ ਗਤੀਵਿਧੀ ਨਹੀਂ ਸੀ, ਇਸ ਲਈ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।