ਕੇਜਰੀਵਾਲ ਵੱਲੋਂ ਫ਼ਰੀਦਕੋਟ ਤੋਂ ਉਮੀਦਵਾਰ ਪ੍ਰੋ. ਸਾਧੂ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੱਢਿਆ

by

ਫ਼ਰੀਦਕੋਟ : ਅੱਜ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਫ਼ਰੀਦਕੋਟ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰ ਪ੍ਰੋ. ਸਾਧੂ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਜੈਤੋ ਤੋਂ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕੋਟਕਪੂਰਾ ਵਿਖੇ ਪਹੁੰਚਿਆ। ਇਸ ਮੌਕੇ ਕੋਟਕਪੂਰਾ ਦੇ ਲਾਈਟਾਂ ਵਾਲੇ ਚੌਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਲਾਈਟਾਂ ਵਾਲੇ ਚੌਕ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਕਰ ਰਹੀ ਸੰਗਤ 'ਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਲਾਠੀਚਾਰਜ ਕਰ ਕੇ ਗੋਲ਼ੀਆਂ ਚਲਾਈਆਂ ਗਈਆਂ ਜਿਸ ਕਾਰਨ ਅਣਗਿਣਤ ਲੋਕ ਜ਼ਖ਼ਮੀ ਹੋਏ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਸਰਕਾਰਾਂ ਤੋਂ ਇਨਸਾਫ਼ ਦੀਆਂ ਬਹੁਤ ਉਮੀਦਾਂ ਸਨ ਪਰ ਅਫਸੋਸ ਅਕਾਲੀ-ਭਾਜਪਾ ਤੇ ਦੀ ਕਾਂਗਰਸ ਸਰਕਾਰ ਵੱਲੋਂ ਸਿਰਫ਼ ਨਿਰਾਸ਼ਾ ਹੀ ਮਿਲੀ। ਉਨ੍ਹਾਂ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ ਕਿ ਜਿੰਨਾ ਚਿਰ ਬੇਅਦਬੀ ਕਰਨ ਅਤੇ ਗੋਲ਼ੀਆਂ ਚਲਾਉਣ ਵਾਲੇ ਅਸਲ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਲੈਂਦੇ, ਚੈਣ ਨਾਲ ਨਹੀਂ ਬੈਠਾਂਗੇ। ਉਨ੍ਹਾਂ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਚਮਕੌਰ ਸਿੰਘ ਸੰਧੂ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ। ਇਹ ਰੋਡ ਸ਼ੋਅ ਜੈਤੋ ਤੋਂ ਚੱਲ ਕੇ ਕੋਟਕਪੂਰਾ, ਫ਼ਰੀਦਕੋਟ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਤੋਂ ਵੱਖ-ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਮੋਗਾ ਵਿਖੇ ਸਮਾਪਤ ਹੋਵੇਗਾ।