ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਕਪੂਰਥਲਾ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ

by mediateam

ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਨੂੰ ਮੁਕਾਮ 'ਤੇ ਪਹੁੰਚਾਉਣ ਲਈ ਅੱਜ ਕਪੂਰਥਲਾ ਜ਼ਿਲੇ ਵਿਚ ਇਕ ਨਿਵੇਕਲੇ ਉਪਰਾਲੇ ਤਹਿਤ ਵਲੰਟੀਅਰਾਂ ਦੇ ਇਕ 'ਨਸ਼ਾ ਮੁਕਤੀ ਦਲ' ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਜ਼ਿਲੇ ਦੇ ਵੱਧ ਨਸ਼ੇ ਵਾਲੇ ਪਿੰਡਾਂ ਅਤੇ ਕਸਬਿਆਂ ਨੂੰ ਨਸ਼ਾ ਮੁਕਤ ਕਰਨ ਲਈ ਆਪਣਾ ਯੋਗਦਾਨ ਦੇਣਗੇ। ਗਠਿਤ ਕੀਤੇ ਗਏ ਇਸ 'ਨਸ਼ਾ ਮੁਕਤੀ ਦਲ' ਦੇ ਮੈਂਬਰਾਂ ਨੂੰ ਨਸ਼ਿਆਂ ਖਿਲਾਫ਼ ਜ਼ਿਲਾ ਪੱਧਰੀ ਜਾਗਰੂਕਤਾ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਸਿਪਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਇਸ ਸਮਾਗਮ ਵਿਚ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਅਤੇ ਏ. ਡੀ. ਜੀ. ਪੀ (ਐਸ. ਟੀ. ਐਫ) ਪੰਜਾਬ ਮੈਡਮ ਗੁਰਪ੍ਰੀਤ ਦਿਓ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇਕਰ ਸਾਰੇ ਲੋਕ ਜਾਤ-ਪਾਤ, ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਦਾ ਹਿੱਸਾ ਬਣਨ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਹੱਸਦਾ-ਵੱਸਦਾ ਤੇ ਤੰਦਰੁਸਤ ਬਣਾਉਣ ਲਈ ਮਿਲ ਕੇ ਹੰਭਲਾ ਮਾਰਿਆ ਜਾਵੇ। 

ਏ. ਡੀ. ਜੀ. ਪੀ (ਐਸ. ਟੀ. ਐਫ) ਪੰਜਾਬ ਮੈਡਮ ਗੁਰਪ੍ਰੀਤ ਦਿਓ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ਼ ਕਪੂਰਥਲਾ ਵਿਚ ਸ਼ੁਰੂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੂੰ ਸੂਬੇ ਦੇ ਬਾਕੀ ਜ਼ਿਲਿਆਂ ਵਿਚ ਵੀ ਅਪਣਾਇਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ 'ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ' ਤਿੰਨ ਪੜਾਈ ਰਣਨੀਤੀ ਅਪਣਾਈ ਗਈ ਹੈ, ਜਿਸ ਤਹਿਤ ਜਿਥੇ ਨਸ਼ੇ ਦੇ ਸਮੱਗਲਰਾਂ ਨੂੰ ਫੜਿਆ ਜਾ ਰਿਹਾ ਹੈ, ਉਥੇ ਨਸ਼ਾ ਪੀੜਤਾਂ ਦੇ ਇਲਾਜ, ਮੁੜ-ਵਸੇਬੇ ਅਤੇ ਨਸ਼ੇ ਦੀ ਰੋਕਥਾਮ ਲਈ ਵੱਡੇ ਉਪਰਾਲੇ ਕੀਤੇ ਗਏ ਹਨ। 

ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੂਬੇ ਵਿਚ 176 'ਓਟ' ਕੇਂਦਰ ਖੋਲੇ ਗਏ ਹਨ, ਜਿਸ ਦਾ ਵੱਡਾ ਲਾਭ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਇਸ ਮੌਕੇ ਕਿਹਾ ਕਿ ਕਪੂਰਥਲਾ ਨੂੰ ਸੂਬੇ ਦਾ ਪਹਿਲਾ ਨਸ਼ਾ ਮੁਕਤ ਜ਼ਿਲਾ ਬਣਾਇਆ ਜਾਵੇਗਾ। ਉਨਾਂ ਗਠਿਤ ਕੀਤੇ ਗਏ 'ਨਸ਼ਾ ਮੁਕਤੀ ਦਲ' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਡੈਪੋ' ਵਲੰਟੀਅਰਾਂ ਨੂੰ ਇਸ ਦਲ ਦੇ ਮੈਂਬਰ ਬਣਾਇਆ ਗਿਆ ਹੈ, ਜਿਹੜੇ ਕਿ ਨਸ਼ਿਆਂ ਤੋਂ ਪ੍ਰਭਾਵਿਤ ਜ਼ਿਲੇ ਦੇ 16 ਪਿੰਡਾਂ ਅਤੇ ਕਸਬਿਆਂ ਵਿਚ ਗ਼ਲਤ ਅਨਸਰਾਂ 'ਤੇ ਨਜ਼ਰ ਰੱਖਣਗੇ ਅਤੇ ਇਨਾਂ ਦੀ ਸੂਚਨਾ ਪੁਲਿਸ ਨੂੰ ਦੇਣਗੇ, ਜਿਸ ਲਈ ਇਕ ਵਿਸ਼ੇਸ਼ ਵਟਸਐਪ ਗਰੁੱਪ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਇਹ ਸਵੈ-ਇਛੁੱਕ ਵਲੰਟੀਅਰ ਆਪਣੇ ਪਿੰਡਾਂ ਤੇ ਕਸਬਿਆਂ ਦੀ ਨਸ਼ੇ ਤੋਂ ਰਾਖੀ ਕਰਨਗੇ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨਗੇ। ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਨਸ਼ਾ ਇਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਪ੍ਰਤੀ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੁਲਿਸ ਨਸ਼ੇ ਦੇ ਖਾਤਮੇ ਲਈ ਦ੍ਰਿੜ ਸੰਕਲਪ ਹੈ, ਪਰੰਤੂ ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿਚ ਵਿਸ਼ੇਸ਼ ਨਿਗਰਾਨੀ ਲਈ ਡੀ. ਐਸ. ਪੀ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। 

ਵਧੀਕ ਸੈਸ਼ਨ ਜੱਜ ਸ੍ਰੀਮਤੀ ਰਾਜਵਿੰਦਰ ਕੌਰ ਨੇ ਨਸ਼ਿਆਂ ਦੀ ਰੋਕਥਾਮ ਸਬੰਧੀ ਕਾਨੂੰਨਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਚਾਨਣਾ ਪਾਇਆ। ਮਨੋਰੋਗਾਂ ਦੇ ਮਾਹਿਰ ਅਤੇ ਨਸ਼ਾ ਛੁਡਾਊ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਮੌਕੇ ਨਸ਼ਿਆਂ ਦੇ ਕਾਰਨਾਂ ਅਤੇ ਇਸ ਦੇ ਇਲਾਜ ਸਬੰਧੀ ਤੱਥਾਂ 'ਤੇ ਆਧਾਰਿਤ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰੀ ਸੁਨੀਲ ਬਜਾਜ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਏ 'ਬਡੀ' ਪ੍ਰੋਗਰਾਮ ਬਾਰੇ ਪੇਸ਼ਕਾਰੀ ਦਿੱਤੀ। ਇਸੇ ਤਰਾਂ 'ਵਾਈਸ ਆਫ ਸੋਲ' ਨਾਟਕ ਮੰਡਲੀ ਵੱਲੋਂ ਨਸ਼ਿਆਂ ਖਿਲਾਫ਼ ਨਾਟਕ 'ਸਰਹੱਦਾਂ ਹੋਰ ਵੀ ਨੇ' ਦਾ ਪ੍ਰਭਾਵਸ਼ਾਲੀ ਮੰਚਨ ਕੀਤਾ। ਇਸ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਅਤੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। 

ਮੰਚ ਸੰਚਾਲਨ ਮੈਡਮ ਸੁਨੀਤਾ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਸਾਬਕਾ ਟ੍ਰਾਂਸਪੋਰਟ ਮੰਤਰੀ ਸ. ਰਘਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸ੍ਰੀ ਜੈ ਇੰਦਰ ਸਿੰਘ, ਸ. ਸਕੱਤਰ ਸਿੰਘ ਬੱਲ ਤੇ ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਜ਼ਿਲੇ ਦੇ ਸਮੂਹ ਐਸ. ਪੀਜ਼ ਤੇ ਡੀ. ਐਸ. ਪੀਜ਼, ਨਾਇਬ ਤਹਿਸੀਲਦਾਰ ਸ੍ਰੀ ਪਵਨ ਕੁਮਾਰ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅੰਮ੍ਰਿਤਾ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ ਤੇ ਸ੍ਰੀਮਤੀ ਸਪਨਾ ਗੁਪਤਾ, ਪ੍ਰੋ. ਸਰਬਜੀਤ ਸਿੰਘ ਧੀਰ, ਡੀ. ਐਮ. ਸੀ ਡਾ. ਸਾਰਿਕਾ ਦੁੱਗਲ, ਡਾ ਆਸ਼ਾ ਮਾਂਗਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਸ੍ਰੀ ਮਨਮੋਹਨ ਸ਼ਰਮਾ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ. ਪਰਮਜੀਤ ਸਿੰਘ ਤੋਂ ਇਲਾਵਾ ਜ਼ਿਲੇ ਦੇ ਪਿੰਡਾਂ ਦੇ ਸਰਪੰਚ-ਪੰਚ, ਨੰਬਰਦਾਰ, ਜੀ. ਓ. ਜੀਜ਼, ਡੈਪੋ ਵਲੰਟੀਅਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।