ਖਹਿਰਾ ਵੱਲੋਂ ਸੀ.ਐਲ.ਯੂ ਸਕੈਮ ਦੀ ਪੈਡਿੰਗ ਇਨਕੁਆਰੀ ਦੋਰਾਨ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੀ ਮੰਗ

by mediateam

ਜਲੰਧਰ (ਇੰਦਰਜੀਤ ਸਿੰਘ ਚਾਹਲ) : ਪੰਜਾਬੀ ਏਕਤਾ ਪਾਰਟੀ ਨੇ ਸੀ.ਐਲ.ਯੂ ਸਕੈਮ ਵਿੱਚ ਸ਼ਮੂਲੀਅਤ ਰੱਖਣ ਅਤੇ ਮਿਊਸੀਪਲ ਕਾਰਪੋਰੇਸ਼ਨ ਲੁਧਿਆਣਾ ਵਿਖੇ ਤਾਇਨਾਤ ਡੀ.ਐਸ.ਪੀ ਬਲਵਿੰਦਰ ਸਿੰਘ ਅਤੇ ਸੁਪਰੀਟੈਂਡੇਂਟ ਇੰਜੀਨਿਅਰ ਆਰ.ਕੇ ਗਰਗ ਨੂੰ ਧਮਕਾਉਣ ਵਾਲੇ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ।ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਸ਼ੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੀ ਅਪਮਾਨ ਕੀਤਾ ਹੈ। ਉਹਨਾਂ ਨੇ ਹਾਈ ਕੋਰਟ ਦੇ ਚੀਫ ਜਸਟਿਸ ਕੋਲੋਂ ਮੰਗ ਕੀਤੀ ਕਿ ਨਿਆਂਪਾਲਿਕਾ ਨੂੰ ਚੁਣੋਤੀ ਦੇਣ ਵਾਲੇ ਆਸ਼ੂ ਖਿਲਾਫ ਸਖਤ ਕਦਮ ਚੁੱਕਣ। ਆਸ਼ੂ ਨੇ ਡੀ.ਐਸ.ਪੀ ਨੂੰ ਛੁੱਟੀ ਉੱਪਰ ਜਾਣ ਅਤੇ ਹਾਈ ਕੋਰਟ ਨੂੰ ਦੱਸਣ ਲਈ ਕਿਹਾ ਕਿ ਮੰਤਰੀ ਕੰਮ ਨਹੀਂ ਕਰਨ ਦਿੰਦਾ। ਉਹਨਾਂ ਕਿਹਾ ਕਿ ਮਿਊਂਸੀਪਲ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਧਮਕਾ ਰਹੇ ਆਸ਼ੂ ਦੀ ਫੋਨ ਗੱਲਬਾਤ ਕੈਪਟਨ ਅਮਰਿੰਦਰ ਸਿੰਘ ਦੇ ਕੈਬਿਨਟ ਮੈਂਬਰਾਂ ਦੀ ਭ੍ਰਿਸ਼ਟ ਕਾਰਜਸ਼ੈਲੀ ਦਾ ਖੁਲਾਸਾ ਕਰਦੀ ਹੈ। 

ਉਹਨਾਂ ਕਿਹਾ ਕਿ ਸੀ.ਐਲ.ਯੂ ਘੋਟਲਾ ਤਾਂ ਆਸ਼ੂ ਅਤੇ ਹੋਰਨਾਂ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਘਪਲਿਆਂ ਦਾ ਮਹਿਜ ਇੱਕ ਨਮੂਨਾ ਮਾਤਰ ਹੈ।ਉਹਨਾਂ ਕਿਹਾ ਕਿ ਨੈਤਿਕਤਾ ਅਨੁਸਾਰ ਮੁੱਖ ਮੰਤਰੀ ਨੂੰ ਉਸੇ ਵੇਲੇ ਹੀ ਮੰਤਰੀ ਨੂੰ ਹਟਾ ਦੇਣਾ ਚਾਹੀਦਾ ਸੀ ਜਦ ਉਸ ਦਾ ਨਾਮ ਵਿਧਾਨ ਸਭਾ ਸੈਸ਼ਨ ਦੋਰਾਨ ਸਾਹਮਣੇ ਆਇਆ ਸੀ। ਉਹਨਾਂ ਕਿਹਾ ਕਿ ਨਿਯਮਾਂ ਸ਼ਰਤਾਂ ਨੂੰ ਤੋੜ ਕੇ ਡਿਵਲੈਪਰ ਨੂੰ ਸੀ.ਐਲ.ਯੂ ਜਾਰੀ ਕੀਤੇ ਜਾਣ ਦੀ ਡੀ.ਐਸ.ਪੀ ਨੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੁਕਮਾਂ ਉੱਪਰ ਜਾਂਚ ਕੀਤੀ ਸੀ। ਉਹਨਾਂ ਕਿਹਾ ਕਿ ਜਾਂਚ ਰਿਪੋਰਟ ਵਿੱਚ ਸੀ.ਐਲ.ਯੂ ਸਕੈਮ ਵਿੱਚ ਸਿੱਧੇ ਤੋਰ ਉੱਤੇ ਆਸ਼ੂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।

ਖਹਿਰਾ ਨੇ ਕਿਹਾ ਕਿ ਜਦ ਵਿਰੋਧੀਆਂ ਨੇ ਦਾਗੀ ਮੰਤਰੀ ਨੂੰ ਹਟਾਏ ਜਾਣ ਦੀ ਮੰਗ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਸਾਬਕਾ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਨਾਮ ਮਾਈਨਿੰਗ ਘੋਟਾਲੇ ਵਿੱਚ ਆਇਆ ਸੀ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਉਦੋਂ ਹਟਾਇਆ ਗਿਆ ਜਦ ਅਖੀਰ ਹਾਈ ਕਮਾਂਡ ਨੇ ਰਾਣਾ ਗੁਰਜੀਤ ਸਿੰਘ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਮੁੜ ਫਿਰ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਚਾਉਂਦੇ ਨਜਰ ਆਏ ਸਨ ਜਿਹਨਾਂ ਉੱਪਰ ਇੱਕ ਸੀਨੀਅਰ ਆਈ.ਏ.ਐਸ ਮਹਿਲਾ ਅਫਸਰ ਨੂੰ ਅਭੱਦਰ ਮੈਸਜ ਭੇਜਣ ਦੇ ਇਲਜਾਮ ਲੱਗੇ ਸਨ।ਖਹਿਰਾ ਨੇ ਮੰਗ ਕੀਤੀ ਕਿ ਸੀ.ਐਲ.ਯੂ ਘੋਟਾਲੇ ਅਤੇ ਐਮ.ਸੀ ਲੁਧਿਆਣਾ ਦੇ ਡੀ.ਐਸ.ਪੀ ਅਤੇ ਐਗਜੀਕਿਊਟਿਵ ਇੰਜੀਨੀਅਰ ਨੂੰ ਧਮਕਾਉਣ ਦੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ। 

ਉਹਨਾਂ ਇਹ ਵੀ ਮੰਗ ਕੀਤੀ ਕਿ ਆਸ਼ੂ ਵੱਲੋਂ ਧਮਕਾਏ ਜਾਂਦੇ ਈਮਾਨਦਾਰ ਅਫਸਰਾਂ ਦੀ ਹਿਫਾਜਤ ਲਈ ਨਿਆਂਪਾਲਿਕਾ ਦਖਲ ਦੇਵੇ। ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮੰਤਰੀ ਆਸ਼ੂ ਨੂੰ ਆਪਣੇ ਕੈਬਿਨਟ ਵਿੱਚੋਂ ਬਾਹਰ ਨਹੀਂ ਕਰਦੇ ਤਾਂ ਪੀ.ਈ.ਪੀ 28 ਫਰਵਰੀ ਨੂੰ ਸਵੇਰੇ 11 ਵਜੇ ਲੁਧਿਆਣਾ ਵਿਖੇ ਆਸ਼ੂ ਦੇ ਘਰ ਦੇ ਬਾਹਰ ਉਸ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਧਰਨਾ ਦੇਵੇਗੀ।