ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਇਆ ਕੀਰਤਨ

by mediateam

ਆਸਟ੍ਰੇਲੀਆ ਡੈਸਕ (Vikram Sehajpal) : ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰਾ ਸਿੱਖ ਜਗਤ ਪੱਬਾ ਭਾਰ ਹੋਇਆ ਪਿਆ। ਇਸ ਨੂੰ ਇਕੱਲੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਿੱਖ ਹੀ ਨਹੀਂ, ਬਲਕਿ ਜਿਹੜੇ-ਜਿਹੜੇ ਮੁਲਕ ਵਿੱਚ ਸਿੱਖ ਵਸਦੇ ਹਨ, ਉੱਥੇ ਦੀਆਂ ਸਰਕਾਰਾਂ ਵੀ ਬਾਬਾ ਨਾਨਕ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਉਪਰਾਲਾ ਕਰ ਰਹੀਆਂ ਹਨ।ਤੁਹਾਨੂੰ ਦੱਸ ਦਈਏ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 21 ਅਕਤੂਬਰ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਖੇ ਕੀਰਤਨ ਕਰਵਾਇਆ ਗਿਆ। 

ਇਸ ਦੌਰਾਨ ਹੋਰਨਾਂ ਕਈ ਮੁਲਕਾਂ ਤੋਂ ਕਈ ਰਾਜਨੀਤਿਕ ਚਿਹਰਿਆਂ, ਪਤਵੰਤੇ ਸੱਜਣਾਂ, ਮਹਿਮਾਨਾਂ ਅਤੇ ਸਪੀਕਰਾਂ ਨੇ ਸ਼ਿਰਕਤ ਕੀਤੀ ਅਤੇ ਗੁਰਬਾਣੀ ਦੇ ਕੀਰਤਨ ਦਾ ਲਾਹਾ ਲਿਆ। ਇਸ ਦੌਰਾਨ ਕਈ ਹੋਰ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਹੋਰ ਕਈ ਪਾਰਲੀਮੈਂਟ ਮੈਬਰਾਂ ਸਮੇਤ ਫ਼ੈਡਰਲ ਐੱਮਪੀ ਐਂਡਰਿਊ ਗਾਇਲਜ਼, ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਅਤੇ ਪ੍ਰਵਾਸੀ ਅਤੇ ਨਾਗਰਿਕਤਾ ਮੰਤਰਾਲੇ ਦੀ ਸਹਾਇਕ ਵੀ ਇਸ ਦੌਰਾਨ ਹਾਜ਼ਰ ਸਨ।

ਇਸ ਦੌਰਾਨ ਮੈਲਬੋਰਨ, ਸਿਡਨੀ ਅਤੇ ਬ੍ਰਿਸਬੇਨ ਇਲਾਕਿਆਂ ਤੋਂ ਸੰਗਤ ਹਾਜ਼ਰ ਹੋਈ।ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡੀਅਨ ਸੂਬੇ ਓਂਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਨੇ ਆਪਣੀ ਸੜਕ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਣ ਲਈ ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ।