ਮੈਨੀਫੈਸਟੋ ‘ਚ ਦਿੱਲੀ ‘ਚ ਦੁਨੀਆ ਦਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਬਣਾਉਣ ਦਾ ਵਾਅਦਾ

by

ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੀ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੈਨੀਫੈਸਟੋ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੁਬਾਰਾ ਸੱਤਾ 'ਚ ਆਉਂਦੀ ਹੈ ਤਾਂ 24 ਘੰਟੇ 200 ਯੂਨਿਟ ਤਕ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਾਫ਼ ਪਾਣੀ ਸਬੰਧੀ ਮੈਨੀਫੈਸਟੋ 'ਚ ਯਮੁਨਾ ਨੂੰ ਸਾਫ਼ ਕਰਨ ਦੀ ਗਾਰੰਟੀ ਦਿੱਤੀ ਗਈ ਹੈ। ਸਰਕਾਰ ਹਰ ਘਰ 'ਚ ਸਿੱਧੇ ਰਾਸ਼ਨਕਾਰਡ ਪਹੁੰਚਾਏਗੀ। ਮੈਨੀਫੈਸਟੋ 'ਚ ਦਿੱਲੀ 'ਚ ਦੁਨੀਆ ਦਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਨੀਫੈਸਟੋ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਸ ਵਿਚ ਔਰਤਾਂ, ਨੌਜਵਾਨ, ਵਪਾਰੀ, ਸਿੱਖ ਦੰਗਾ ਪੀਰਤ, ਬਜ਼ੁਰਗਾਂ ਸਮੇਤ ਹਰ ਤਬਕੇ ਦੀਆਂ ਜ਼ਰੂਰਤਾਂ ਹਨ। ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੈਨੀਫੈਸਟੋ 'ਚ ਔਰਤਾਂ ਨੂੰ ਘਰੋਂ ਕੰਮ ਕਰਨ ਦੀ ਸਹੂਲਤ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾਕਿ ਹੁਣ ਸਾਡਾ ਮੰਤਵ ਦਿੱਲੀ ਨੂੰ ਨੈਕਸਟ ਲੈਵਲ 'ਤੇ ਲੈ ਜਾਣਾ ਹੈ। 21ਵੀਂ ਸਦੀ ਦਾ ਸ਼ਹਿਰ ਬਣਾਉਣਾ ਹੈ। ਵਿਕਸਤ ਦੇਸ਼ ਦੀ ਰਾਜਧਾਨੀ ਬਣਾਉਣਾ ਹੈ। ਆਪ ਨੇ ਆਪਣੇ ਮੈਨੀਫੈਸਟੋ 'ਚ ਵੱਡਾ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਸਫ਼ਾਈ ਮੁਲਾਜ਼ਮ ਦੀ ਕੰਮ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਉਸ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਦੇਵੇਗੀ। 

ਭੋਜਪੁਰੀ ਭਾਸ਼ਾ ਨੂੰ ਕੇਂਦਰ ਦੀ 8ਵੀਂ ਸੂਚੀ 'ਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਦਾ ਬਿੰਦੂ ਵੀ ਮੈਨੀਫੈਸਟੋ 'ਚ ਸ਼ਾਮਲ ਕੀਤਾ ਗਿਆ ਹੈ। ਸੜਕਾਂ ਨੂੰ ਆਧੁਨਿਕ ਤੇ ਵਿਸ਼ਵ ਪੱਧਰੀ ਬਣਾਉਣ ਦਾ ਵੀ ਮੈਨੀਫੈਸਟੋ 'ਚ ਵਾਅਦਾ ਕੀਤਾ ਗਿਆ ਹੈ। ਪਾਇਲਟ ਪ੍ਰੋਜੈਕਟ ਤਹਿਤ 24 ਘੰਟੇ ਬਾਜ਼ਾਰ ਖੋਲ੍ਹੇ ਜਾਣਗੇ। ਨਾਜਾਇਜ਼ ਕਾਲੋਨੀਆਂ ਨੂੰ ਜਾਇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। 'ਆਪ' ਨੇ ਵੈਟ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਦਾ ਵੀ ਵਾਅਦਾ ਕੀਤਾ ਹੈ। ਆਪ ਦੇ ਮੈਨੀਫੈਸਟੋ 'ਚ ਦਿੱਲੀ ਦੇ ਸਰਕਲ ਰੇਟ ਦੀ ਸਮੀਖਿਆ ਕਰਨ ਤੇ ਸਕੂਲਾਂ 'ਚ ਦੇਸ਼ ਭਗਤੀ ਦਾ ਸਿਲੇਬਸ ਲਾਗੂ ਕਰਨ ਦੀ ਗੱਲ ਵੀ ਕਹੀ ਗਈ ਹੈ। 10 ਲੱਖ ਬਜ਼ੁਰਗਾਂ ਨੂੰ ਤੀਰਥ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਵਾਤਾਵਰਨ ਨੂੰ ਧਿਆਨ 'ਚ ਰੱਖਦੇ ਹੋਏ ਦਿੱਲੀ 'ਚ 2 ਕਰੋੜ ਦਰੱਖ਼ਤ ਲਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ।