ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਨਾਨਕ ਬਗੀਚੀ’ ਸਥਾਪਿਤ

by mediateam

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਕਾਰਜਾਂ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ 'ਨਾਨਕ ਬਗੀਚੀ' ਸਥਾਪਿਤ ਕੀਤੀ ਗਈ। ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਣ ਵਿਭਾਗ ਵੱਲੋਂ ਐਸ. ਡੀ. ਐਮ ਦਫ਼ਤਰ ਦੇ ਸਾਹਮਣੇ ਬਣਾਈ ਗਈ ਇਸ ਬਗੀਚੀ ਵਿਚ ਵਾਤਾਵਰਨ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਲਾਭਦਾਇਕ ਵੱਖ-ਵੱਖ ਤਰਾਂ ਦੇ 550 ਪੌਦੇ ਲਗਾਏ ਗਏ। ਇਸ ਮੌਕੇ ਜਲੰਧਰ ਵਣ ਮੰਡਲ ਦੇ ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਰਾਜੇਸ਼ ਗੁਲਾਟੀ ਨੇ ਦੱਸਿਆ ਕਿ ਜਾਪਾਨੀ ਤਕਨੀਕ 'ਮੀਆਵਾਕੀ' ਅਨੁਸਾਰ ਤਿਆਰ ਕੀਤੀ ਗਈ ਇਸ ਬਗੀਚੀ ਵਿਚਲੇ ਪੌਦੇ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਵਧਣਗੇ ਅਤੇ ਕਾਰਬਨ ਡਾਈਆਕਸਾਈਡ ਗੈਸਾਂ ਜਜ਼ਬ ਕਰਨਗੇ। 

ਉਨਾਂ ਦੱਸਿਆ ਕਿ ਇਹ ਤਕਨੀਕ 'ਈਕੋ ਸਿੱਖ' ਵੱਲੋਂ ਵੀ ਅਪਣਾਈ ਗਈ ਹੈ। ਉਨਾਂ ਦੱਸਿਆ ਕਿ ਇਹ ਤਕਨੀਕ 'ਮਿੰਨੀ ਜੰਗਲ' ਤਿਆਰ ਕਰਨ ਵਜੋਂ ਵਿਸ਼ਵ ਪ੍ਰਸਿੱਧ ਜਾਪਾਨੀ ਪੌਦਾ ਵਿਗਿਆਨੀ ਅਕੀਰਾ ਮੀਆਵਾਕੀ ਦੁਆਰਾ ਸ਼ੁਰੂ ਕੀਤੀ ਗਈ ਸੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਨਾਨਕ ਬਗੀਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਕਿ ਗ੍ਰੀਨ ਹਾਊਸ ਗੈਸਾਂ ਅਤੇ ਜਲਵਾਯੂ ਵਿਚ ਆਈ ਤਬਦੀਲੀ ਕਾਰਨ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨਾਂ ਕਿਹਾ ਕਿ ਇਹ ਬਗੀਚੀਆਂ ਨਾ ਸਿਰਫ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਹੀ ਘੱਟ ਕਰਨਗੀਆਂ ਸਗੋਂ ਜ਼ਮੀਨੀ ਪਾਣੀ ਦੇ ਪੱਧਰ ਨੂੰ ਸਾਵਾਂ ਕਰਨ ਵਿਚ ਵੀ ਸਹਾਈ ਹੋਣਗੀਆਂ। ਇਸ ਤੋਂ ਇਲਾਵਾ ਹਰਿਆਵਲ ਹੇਠ ਘੱਟਦੇ ਰਕਬੇ ਨੂੰ ਰੋਕਣ ਵਿਚ ਵੀ ਸਹਾਇਤਾ ਮਿਲੇਗੀ। 

ਇਸ ਮੌਕੇ ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ, ਡੀ. ਐਸ. ਪੀ ਸ. ਵਿਸ਼ਾਲਜੀਤ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਸੁਖਦੇਵ ਬੰਗੜ, ਡਵੀਜ਼ਨਲ ਜੰਗਲਾਤ ਅਫ਼ਸਰ (ਟ੍ਰੇਨਿੰਗ) ਸ੍ਰੀ ਅਨਜਾਨ ਸਿੰਘ, ਰੇਂਜ ਵਣ ਅਫ਼ਸਰ ਸ. ਦਵਿੰਦਰ ਪਾਲ ਸਿੰਘ, ਵਣ ਗਾਰਡ ਸ. ਕੁਲਦੀਪ ਸਿੰਘ, 'ਈਕੋ ਸਿੱਖ' ਤੋਂ ਸ. ਪਵਨੀਤ ਸਿੰਘ ਤੇ ਹੋਰ ਹਾਜ਼ਰ ਸਨ।