ਹਰਿਆਣੇ ਤੋਂ ਸ਼ਰਾਬ ਲਿਆ ਕੇ ਵੇਚਣ ਵਾਲੇ ਹੋਲ ਸੇਲਰ ਸ਼ਰਾਬ ਤਸਕਰ ਸ਼ਰਾਬ ਦੇ ਜ਼ਖ਼ੀਰੇ ਸਮੇਤ ਗਿ੍ਫਤਾਰ

by

ਜਗਰਾਓਂ : ਚੋਣਾਂ ਤੋਂ ਤਿੰਨ ਦਿਨ ਪਹਿਲਾਂ ਥਾਣਾ ਹਠੂਰ ਦੀ ਪੁਲਿਸ ਨੇ ਹਰਿਆਣੇ ਤੋਂ ਸ਼ਰਾਬ ਲਿਆ ਕੇ ਵੇਚਣ ਵਾਲੇ ਹੋਲ ਸੇਲਰ ਸ਼ਰਾਬ ਤਸਕਰਾਂ ਨੂੰ ਸ਼ਰਾਬ ਦੇ ਜ਼ਖ਼ੀਰੇ ਸਮੇਤ ਗਿ੍ਫਤਾਰ ਕੀਤਾ। ਗਿ੍ਫਤਾਰ ਸ਼ਰਾਬ ਤਸਕਰਾਂ ਤੋਂ ਪੁਲਿਸ ਨੇ ਵੱਖ ਵੱਖ ਮਾਰਕਿਆਂ ਦੀਆਂ 210 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਹਠੂਰ ਦੇ ਏਐੱਸਆਈ ਮਨੋਹਰ ਲਾਲ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਹਰਿਆਣੇ ਤੋਂ ਸੈਂਕੜਿਆਂ ਦੀ ਤਾਦਾਦ 'ਚ ਸ਼ਰਾਬ ਲਿਆ ਕੇ ਵੇਚਣ ਵਾਲੇ ਹੋਲਸੇਲਰ ਇਲਾਕੇ ਵਿਚ ਸਰਗਰਮ ਹਨ।

ਅੱਜ ਵੀ ਉਹ ਕਾਰ 'ਤੇ ਸ਼ਰਾਬ ਦੀ ਡਲਿਵਰੀ ਦੇਣ ਜਾ ਰਹੇ ਹਨ, ਜਿਸ 'ਤੇ ਪੁਲਿਸ ਪਾਰਟੀ ਨੇ ਪਿੰਡ ਚਕਰ ਦੇ ਪੁਲ਼ ਸੂਆ 'ਤੇ ਨਾਕਾ ਲਗਾ ਕੇ ਸਾਹਮਣਿਓ ਆ ਰਹੀ ਆਈ-20 ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 18 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ, ਜਿਸ 'ਤੇ ਦੋਵੇਂ ਕਾਰ ਸਵਾਰਾਂ ਬਾਬੂ ਸਿੰਘ ਉਰਫ ਬਾਵਾ ਸਿੰਘ ਪੁੱਤਰ ਸਾਧੂ ਸਿੰਘ ਅਤੇ ਬਲਵੀਰ ਸਿੰਘ ਉਰਫ ਅਮਨਾ ਪੁੱਤਰ ਜੀਤਾ ਸਿੰਘ ਵਾਸੀਆਨ ਚਕਰ ਨੂੰ ਗਿ੍ਫਤਾਰ ਕਰ ਲਿਆ। ਦੋਵਾਂ ਦੀ ਪੁੱਛਗਿੱਛ 'ਤੇ ਪੁਲਿਸ ਪਾਰਟੀ ਨੇ ਬਾਬੂ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਘਰ ਵਿਚ ਡੰਪ ਕੀਤੀਆਂ 192 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ।

ਐੱਸਐੱਸਪੀ ਬਰਾੜ ਅਨੁਸਾਰ ਇਸ ਮਾਮਲੇ 'ਚ 141 ਪੇਟੀਆਂ ਸ਼ਰਾਬ ਦੇਸੀ ਮਾਰਕਾ ਹੀਰ, 43 ਪੇਟੀਆਂ ਮਾਰਕਾ ਸੋਂਫੀਆ ਅਤੇ 26 ਪੇਟੀਆਂ ਮਾਰਕਾ ਮਾਲਟਾ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਦੀਆਂ ਪੇਟੀਆਂ ਹਰਿਆਣੇ ਤੋਂ ਲਿਆ ਕੇ ਇਲਾਕੇ ਵਿਚ ਸਪਲਾਈ ਕਰਦੇ ਆ ਰਹੇ ਸਨ। ਗਿ੍ਫਤਾਰ ਅਮਨਾ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ। ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।